ਨਵੀਂ ਦਿੱਲੀ- ਭਗਤ ਸਿੰਘ ਦੇ ਵਿਵਾਦ ਦੌਰਾਨ ਸੰਗਰੂਰ ਲੋਕ ਸਭਾ ਸੀਟ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਸਦਨ ਚ ਸਿੱਖ ਜੱਜਾਂ ਦੀ ਪੈਰਵੀ ਕੀਤੀ ਹੈ । ਜ਼ਿਮਣੀ ਚੋਣ ਚ ਜਿੱਤ ਹਾਸਿਲ ਕਰਨ ਉਪਰੰਤ ਲਗਾਤਾਰ ਵਿਵਾਦਿਤ ਬਿਆਨ ਦੇਣ ਵਾਲੇ ਮਾਨ ਨੇ ਦੇਸ਼ ਦੀ ਸਦਨ ‘ਚ ਸਿੱਖੀ ਦਾ ਮੁੱਦਾ ਬੁਲੰਦ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿਚ ਕੇਂਦਰੀ ਕਾਨੂੰਨ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਸੁਪਰੀਮ ਕੋਰਟ ’ਚ ਸਿੱਖ ਜੱਜ ਕਿਉਂ ਨਹੀਂ ਹੈ? ਉਹਨਾਂ ਕਿਹਾ ਕਿ ਕਾਨੂੰਨ ਮੰਤਰੀ ਨੂੰ ਫ਼ਿਕਰ ਹੈ ਕਿ ਸੁਪਰੀਮ ਕੋਰਟ ਵਿਚ ਬਿਹਾਰ ਤੇ ਝਾਰਖੰਡ ਤੋਂ ਕੋਈ ਜੱਜ ਨਹੀਂ ਹੈ ਪਰ ਮੈਨੂੰ ਫ਼ਿਕਰ ਹੈ ਕਿ ਸੁਪਰੀਮ ਕੋਰਟ ਵਿਚ ਇਕ ਵੀ ਸਿੱਖ ਜੱਜ ਨਹੀਂ ਹੈ।
ਇਸ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜੱਜ ਬਣਨ ਤੋਂ ਨਹੀਂ ਰੋਕਦੀ। ਇਸ ਨੂੰ ਲੈ ਕੇ ਕੋਈ ਰਿਜਰਵੇਸ਼ਨ ਨਹੀਂ ਹੈ। ਦਰਅਸਲ ਲੋਕ ਸਭਾ ‘ਚ ਫੈਮਿਲੀ ਕੋਰਟ ਸੋਧ ਬਿੱਲ ‘ਤੇ ਬਹਿਸ ਚੱਲ ਰਹੀ ਸੀ। ਜਿਸ ਵਿਚ ਵਿਰੋਧੀਆਂ ਨੇ ਜੱਜ ਦੀ ਨਿਯੁਕਤੀ ਵਿਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ ਸੀ, ਜਿਸ ਦੇ ਜਵਾਬ ਵਿਚ ਕਾਨੂੰਨ ਮੰਤਰੀ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਸੁਪਰੀਮ ਕੋਰਟ ਵਿਚ ਬਿਹਾਰ ਤੇ ਝਾਰਖੰਡ ਤੋਂ ਕੋਈ ਜੱਜ ਨਹੀਂ ਹੈ।