ਡੈਸਕ- ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਆਸਟ੍ਰੇਲੀਆ ਰਹਿੰਦੀ ਪ੍ਰੇਮਿਕਾ ਦੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ’ਤੇ ਭੜਕੇ ਪੰਜਾਬ ਦੇ ਮਸ਼ਹੂਰ ਪੰਜਾਬੀ ਸਿੰਗਰ ਰਣਜੀਤ ਬਾਠ ਨੇ ਆਪਣੇ ਭਤੀਜੇ ਨਾਲ ਮਿਲ ਕੇ ਉਸ ਦਾ ਪਿਉ ਦਾ ਕਤਲ ਕਰ ਦਿਤਾ। ਕਤਲ ਕਰਕੇ ਲਾਸ਼ ਝਾੜੀਆਂ ਵਿਚ ਸੁੱਟ ਦਿੱਤੀ।
ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਪੰਜਾਬੀ ਗਾਇਕ ਨੇ ਆਸਟ੍ਰੇਲੀਆ ਰਹਿੰਦੀ ਨੂੰ ਮੈਸੇਜ ਕਰਕੇ ਘਟਨਾ ‘ਤੇ ਅਫਸੋਸ ਜਤਾਉਂਦਿਆਂ ਪਿਤਾ ਦੀ ਲਾਸ਼ ਝਾੜੀਆਂ ਵਿਚ ਸੁੱਟਣ ਦਾ ਖੁਦ ਹੀ ਖੁਲਾਸਾ ਕੀਤਾ। ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਇਸ ਮਾਮਲੇ ਵਿਚ ਪੰਜਾਬੀ ਸਿੰਗਰ ਬਾਠ ਅਤੇ ਉਸ ਦੇ ਭਤੀਜੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਦੀ ਕਿਰਨਦੀਪ ਕੌਰ ਦੀ ਟਿੱਕ-ਟਾਕ ‘ਤੇ ਗਾਇਕ ਰਣਜੀਤ ਬਾਠ ਨਾਲ ਦੋਸਤੀ ਹੋਈ ਸੀ। ਬਾਅਦ ਵਿੱਚ ਉਹ ਇਕ-ਦੂਜੇ ਨੂੰ ਮਿਲਣ ਲੱਗ ਗਏ ਸਨ। ਉਸ ਨੇ ਦੱਸਿਆ ਕਿ ਰਣਜੀਤ ਬਾਠ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਨੂੰ ਪਹਿਲੇ ਪਤੀ ਤੋਂ ਜਲਦੀ ਤਲਾਕ ਲੈਣ ਲਈ ਮਜਬੂਰ ਕਰਦਾ ਸੀ। ਘਰ ਦੇ ਬਾਹਰ ਖੌਰੂ ਪਾਉਣ ਕਾਰਨ ਸ਼ਿਕਾਇਤ ’ਤੇ ਆਸਟਰੇਲੀਆ ਪੁਲਿਸ ਨੇ ਰਣਜੀਤ ਬਾਠ ਨੂੰ ਗ੍ਰਿਫ਼ਤਾਰ ਕਰ ਕੇ ਜੂਨ ਮਹੀਨੇ ਭਾਰਤ ਭੇਜ ਦਿੱਤਾ ਸੀ।
ਪੰਜਾਬ ਆ ਕੇ ਵੀ ਉਸ ਨੇ ਕਿਰਨਦੀਪ ਕੌਰ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਅਗਸਤ ਮਹੀਨੇ ਵਿਚ ਫਿਰ ਆਸਟ੍ਰੇਲੀਆ ਜਾ ਪੁੱਜਾ ਪਰ ਇਸ ਵਾਰ ਵੀ ਆਸਟ੍ਰੇਲੀਆ ਪੁਲਿਸ ਨੇ ਏਅਰਪੋਰਟ ਤੋਂ ਹੀ ਉਸ ਦਾ ਪਿਛਲਾ ਰਿਕਾਰਡ ਖੰਗਾਲਦਿਆਂ ਵਾਪਸ ਇੰਡੀਆ ਭੇਜ ਦਿੱਤਾ। ਇਸ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਨੇ ਵਿਆਹੁਤਾ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿਤਾ। ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਦੋਵਾਂ ਦੀ ਭਾਲ ਕੀਤੀ ਸ਼ੁਰੂ।