ਟੀ-20 ਵਿਸ਼ਵ ਕੱਪ ‘ਚ ਐਕਸ-ਫੈਕਟਰ ਬਣੇਗਾ ‘SKY’ : ਰੋਹਿਤ ਸ਼ਰਮਾ ਨੇ ਸੂਰਿਆਕੁਮਾਰ ਦੀਆਂ ਤਾਰੀਫਾਂ ਦੇ ਬੰਨ੍ਹ ਦਿੱਤੇ ਪੁਲ

ਮੈਲਬੌਰਨ (ਆਸਟਰੇਲੀਆ)। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਫਾਰਮ ‘ਚ ਚੱਲ ਰਹੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀ-20 ਵਿਸ਼ਵ ਕੱਪ ‘ਚ ਐਕਸ ਫੈਕਟਰ ਸਾਬਤ ਹੋਣਗੇ। ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤੱਕ ਖੇਡਿਆ ਜਾਵੇਗਾ, ਜਦਕਿ ਭਾਰਤ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਖੇਡੇਗਾ। ਆਈਸੀਸੀ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਰੋਹਿਤ ਨੇ ਕਿਹਾ, ‘ਸੂਰਿਆ ਚੰਗੀ ਫਾਰਮ ‘ਚ ਹੈ। ਮੈਨੂੰ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਬੱਲੇਬਾਜ਼ੀ ਕਰਦਾ ਰਹੇਗਾ। ਉਹ ਇੱਕ ਆਤਮਵਿਸ਼ਵਾਸੀ ਖਿਡਾਰੀ ਹੈ। ਉਹ ਨਿਡਰ ਹੋ ਕੇ ਖੇਡਦਾ ਹੈ, ਉਹ ਆਪਣੇ ਹੁਨਰ ਨੂੰ ਕੁਸ਼ਲਤਾ ਨਾਲ ਵਰਤਦਾ ਹੈ। ਮੈਨੂੰ ਉਮੀਦ ਹੈ ਕਿ ਉਹ ਐਕਸ-ਫੈਕਟਰ ਬਣ ਜਾਵੇਗਾ।

ਰੋਹਿਤ ਸ਼ਰਮਾ ਨੇ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਹੋਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ‘ਤੇ ਵੀ ਗੱਲ ਕੀਤੀ ਅਤੇ ਕਿਹਾ, ‘ਚੋਟਾਂ ਖੇਡ ਦਾ ਹਿੱਸਾ ਹਨ। ਤੁਸੀਂ ਬਹੁਤ ਨਿਰਾਸ਼ ਨਹੀਂ ਹੋ ਸਕਦੇ। ਤੁਹਾਨੂੰ ਇਸ ਬਾਰੇ ਸੋਚਣਾ ਪਵੇਗਾ ਕਿ ਤੁਸੀਂ ਕੀ ਕਰ ਸਕਦੇ ਹੋ। ਅਸੀਂ ਹੋਰ ਖਿਡਾਰੀਆਂ ਨੂੰ ਮੌਕੇ ਦਿੱਤੇ ਅਤੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਮੌਕੇ ਦੇਣਾ ਜ਼ਰੂਰੀ ਹੈ। ਤੁਸੀਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਰ ਸਕਦੇ।ਦੱਸਣਯੋਗ ਹੈ ਕਿ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਫਾਰਮ ‘ਚ ਚੱਲ ਰਹੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਬੁੱਧਵਾਰ ਨੂੰ ਜਾਰੀ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੀ ਤਾਜ਼ਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ‘ਚ ਬੱਲੇਬਾਜ਼ਾਂ ‘ਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਭਾਰਤ ਦਾ ਚੋਟੀ ਦਾ ਦਰਜਾ ਪ੍ਰਾਪਤ ਬੱਲੇਬਾਜ਼ ਬਣਿਆ ਹੋਇਆ ਹੈ। ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਹਾਲੀਆ ਘਰੇਲੂ ਟੀ-20 ਸੀਰੀਜ਼ ਦੌਰਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸੂਰਿਆਕੁਮਾਰ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਤੋਂ ਪਿੱਛੇ ਹਨ। ਸੂਰਿਆਕੁਮਾਰ ਦੇ 838 ਅੰਕ ਹਨ।

 

ਸੂਰਿਆਕੁਮਾਰ ਚੋਟੀ ਦੇ 10 ‘ਚ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਸੂਰਿਆਕੁਮਾਰ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਤਿੰਨ ਟੀ-20 ਮੈਚਾਂ ਵਿੱਚ ਲਗਭਗ 200 ਦੀ ਸਟ੍ਰਾਈਕ ਰੇਟ ਨਾਲ ਕੁੱਲ 119 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 2 ਅਰਧ ਸੈਂਕੜੇ, 10 ਚੌਕੇ ਅਤੇ 9 ਛੱਕੇ ਲੱਗੇ। ਉਸ ਦੀ ਬੱਲੇਬਾਜ਼ੀ ਔਸਤ ਵੀ 59 ਤੋਂ ਉੱਪਰ ਸੀ।