ਵੈਨਕੂਵਰ ’ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਦੋ ਲੋਕ ਜ਼ਖ਼ਮੀ

Vancouver- ਉੱਤਰੀ ਵੈਨਕੂਵਰ ਟਾਪੂ ’ਤੇ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਲੋਕ ਜ਼ਖ਼ਮੀ ਹੋ ਗਏ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨਿੱਜੀ ਤੌਰ ’ਤੇ ਮਲਕੀਅਤ ਵਾਲਾ ਡੀ ਹੈਵਿਲੈਂਡ ਬੀਵਰ ਜਹਾਜ਼ ਕੈਂਪਬੈਲ ਨਦੀ ਦੇ ਦੱਖਣ-ਪੱਛਮ ਤੋਂ ਲਗਭਗ 18 ਕਿਲੋਮੀਟਰ ਦੱਖਣ-ਪੱਛਮ ਜ਼ਮੀਨ ਨਾਲ ਟਕਰਾਉਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਸਿੰਗਲ-ਇੰਜਣ, ਪ੍ਰੋਪੈਲਰ ਜਹਾਜ਼ ਹੇਠਾਂ ਡਿੱਗਾ ਤਾਂ ਇਸ ’ਚ ਸਵਾਰ ਦੋ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ ਪਰ ਸੱਟਾਂ ਜਾਨਲੇਵਾ ਨਹੀਂ ਹਨ।
ਉੱਧਰ ਇਸ ਹਾਦਸੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮਾਊਂਟੀਜ਼ 19 ਵਿੰਗ ਕੋਮੋਕਸ ਦੇ ਇੱਕ ਕੋਰਮੋਰੈਂਟ ਹੈਲੀਕਾਪਟਰ ’ਤੇ ਸਵਾਰ ਖੋਜ ਅਤੇ ਬਚਾਅ ਅਮਲੇ ਦੇ ਨਾਲ ਘਟਨਾ ਸਥਾਨ ’ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ।
ਫਿਲਹਾਲ ਮਾਊਂਟੀਜ਼ ਅਤੇ ਟਰਾਂਸਪੋਟੇਸ਼ਨ ਸੇਫਟੀ ਬੋਰਡ ਅਜੇ ਵੀ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਇਹ ਹਾਦਸਾ ਕਿਨ੍ਹਾਂ ਕਾਰਨਾਂ ਦੇ ਚੱਲਦਿਆਂ ਵਾਪਰਿਆ।