ਟੀਮ ਇੰਡੀਆ ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਭਾਰਤ ਦੀ ਇਸ ਜਿੱਤ ‘ਚ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ ਬੱਲੇਬਾਜ਼ੀ ਲਈ ਇਸ ਮੁਸ਼ਕਲ ਪਿੱਚ ‘ਤੇ 56 ਗੇਂਦਾਂ ‘ਚ 87 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਉਨ੍ਹਾਂ ਨੇ ਇਸ ਪਾਰੀ ‘ਚ 9 ਚੌਕੇ ਅਤੇ 3 ਛੱਕੇ ਲਗਾਏ। ਇਸ ਸ਼ਾਨਦਾਰ ਪਾਰੀ ਲਈ ਉਸ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਮੰਧਾਨਾ ਨੇ ਇਸ ਪਾਰੀ ਨੂੰ ਆਪਣੀ ਸਭ ਤੋਂ ਔਖੀ ਪਾਰੀ ਕਰਾਰ ਦਿੱਤਾ।
ਇਸ ਪਿੱਚ ‘ਤੇ ਹੋਰ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਨ ਪਰ ਸਮ੍ਰਿਤੀ ਨੇ ਹਾਲਾਤ ਨੂੰ ਸਮਝਿਆ ਅਤੇ ਉਸ ਮੁਤਾਬਕ ਪਿੱਚ ‘ਤੇ ਆਪਣਾ ਸਮਾਂ ਬਿਤਾਇਆ ਅਤੇ ਇਕ ਵਾਰ ਜਦੋਂ ਉਹ ਸੈੱਟ ਹੋ ਗਈ ਤਾਂ ਉਸ ਨੇ ਸ਼ਾਨਦਾਰ ਢੰਗ ਨਾਲ ਆਇਰਲੈਂਡ ਦੇ ਗੇਂਦਬਾਜ਼ਾਂ ਦੀਆਂ ਕਮਜ਼ੋਰ ਗੇਂਦਾਂ ਨੂੰ ਚੌਕੇ ਲਗਾਉਣ ਲਈ ਵੀ ਭੇਜਿਆ। ਟੀ-20 ਇੰਟਰਨੈਸ਼ਨਲ ‘ਚ ਇਹ ਉਸ ਦੀ ਸਰਵੋਤਮ ਪਾਰੀ ਹੈ।
ਭਾਰਤ ਨੇ ਡਕਵਰਥ ਲੁਈਸ ਵਿਧੀ ਦੀ ਵਰਤੋਂ ਕਰਦੇ ਹੋਏ ਮੀਂਹ ਪ੍ਰਭਾਵਿਤ ਮੈਚ ਨੂੰ ਪੰਜ ਦੌੜਾਂ ਨਾਲ ਜਿੱਤ ਲਿਆ ਅਤੇ ਲਗਾਤਾਰ ਤੀਜੀ ਵਾਰ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਮੈਚ ਦੀ ਸਰਵੋਤਮ ਖਿਡਾਰਨ ਚੁਣੀ ਗਈ ਸਮ੍ਰਿਤੀ ਨੇ ਪੁਰਸਕਾਰ ਸਮਾਰੋਹ ‘ਚ ਕਿਹਾ, ‘ਇਹ ਮੇਰੀ ਹੁਣ ਤੱਕ ਦੀ ਸਭ ਤੋਂ ਮੁਸ਼ਕਿਲ ਪਾਰੀ ਹੈ। ਪਿੱਚ ਮੁਸ਼ਕਲ ਸੀ ਪਰ ਜਿਸ ਰਫਤਾਰ ਨਾਲ ਉਹ ਗੇਂਦਬਾਜ਼ੀ ਕਰ ਰਹੇ ਸਨ ਅਤੇ ਤੇਜ਼ ਹਵਾ ਨੇ ਹਾਲਾਤ ਨੂੰ ਹੋਰ ਚੁਣੌਤੀਪੂਰਨ ਬਣਾ ਦਿੱਤਾ ਸੀ।
ਉਸ ਨੇ ਕਿਹਾ, ‘ਅਸੀਂ ਇਕ-ਦੂਜੇ ਨੂੰ (ਸਲਾਮੀ ਜੋੜੀਦਾਰ ਸ਼ੈਫਾਲੀ ਵਰਮਾ ਦੇ ਨਾਲ) ਕਹਿ ਰਹੇ ਸੀ ਕਿ ਸਾਨੂੰ ਕ੍ਰੀਜ਼ ‘ਤੇ ਬਣੇ ਰਹਿਣ ਅਤੇ ਆਪਣੀ ਲੈਅ ਬਣਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਨੂੰ ਸ਼ੁਰੂਆਤ ‘ਚ ਦੌੜਾਂ ਬਣਾਉਣ ‘ਚ ਦਿੱਕਤ ਆ ਰਹੀ ਸੀ। ਉਹ ਵੀ ਸਹੀ ਸਮੇਂ ਨਾਲ ਸ਼ਾਟ ਨਹੀਂ ਮਾਰ ਸਕੀ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ ਸਮ੍ਰਿਤੀ ਦੀ ਤਾਰੀਫ ਕਰਦੇ ਹੋਏ ਕਿਹਾ, ‘ਸਮ੍ਰਿਤੀ ਨੇ ਦੌੜਾਂ ਬਣਾਈਆਂ ਜੋ ਸਾਡੇ ਲਈ ਬਹੁਤ ਮਹੱਤਵਪੂਰਨ ਸਨ। ਜਦੋਂ ਵੀ ਉਹ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੀ ਹੈ, ਅਸੀਂ ਵੱਡੇ ਸਕੋਰ ਤੱਕ ਪਹੁੰਚਦੇ ਹਾਂ।
ਭਾਰਤ ਲਗਾਤਾਰ ਤੀਜੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਿਆ ਹੈ। ਹੁਣ ਉਹ ਵੀਰਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨਾਲ ਭਿੜੇਗੀ। ਭਾਰਤ ਪਿਛਲੇ ਟੀ-20 ਵਿਸ਼ਵ ਦਾ ਉਪ ਜੇਤੂ ਰਿਹਾ ਸੀ ਅਤੇ ਫਿਰ ਆਸਟਰੇਲੀਆ ਨੇ ਉਸ ਨੂੰ ਆਪਣੇ ਘਰੇਲੂ ਮੈਦਾਨ ‘ਤੇ ਹਰਾਇਆ ਸੀ। ਹੁਣ ਟੀਮ ਇੰਡੀਆ ਯਕੀਨੀ ਤੌਰ ‘ਤੇ ਸੈਮੀਫਾਈਨਲ ‘ਚ ਉਸ ਤੋਂ ਇਸ ਹਾਰ ਦਾ ਬਦਲਾ ਲੈਣਾ ਚਾਹੇਗੀ।