ਜਲੰਧਰ- ਮਸ਼ਹੂਰ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਰਡਰ ਕੇਸ ਚ ਪੰਜਾਬ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਕੈਨੇਡਾ ਵਾਸੀ ਸਨੋਵਰ ਢਿੱਲੋ ਨੇ ਟੀ.ਵੀ ਪੰਜਾਬ ਨਾਲ ਖਾਸ ਗੱਲਬਾਤ ਕਰਕੇ ਵੱਡਾ ਖੁਲਾਸਾ ਕੀਤਾ ਹੈ। ਟੀ.ਵੀ ਪੰਜਾਬ ਦੀ ਪੱਤਰਕਾਰ ਅਮਨਦੀਪ ਨਾਲ ਟੈਲੀਫੋਨ ‘ਤੇ ਗੱਲ ਕਰਦਿਆਂ ਸਨੋਵਰ ਨੇ ਆਪਣੇ ਆਪ ‘ਤੇ ਲੱਗੇ ਇਲਜ਼ਾਮਾਂ ਨੂੰ ਝੂਠ ਦਾ ਪੁਲਿੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਦੇ ਕਤਲ ਚ ਉਨ੍ਹਾਂ ਦਾ ਸਿੱਧੇ ਅਤੇ ਅਸਿੱਧੇ ਤੌਰ ‘ਤੇ ਕੋਈ ਸਬੰਧ ਨਹੀਂ ਹੈ । ਅਤੇ ਠੀਕ ਇਸੇ ਤਰ੍ਹਾਂ ਕਿਸੇ ਗੈਂਗਸਟਰ ਜਾ ਕਿਸੇ ਗਰੁੱਪ ਨਾਲ ਉਨ੍ਹਾਂ ਦਾ ਕੋਈ ਮੇਲਜੋਲ ਨਹੀਂ ਹੈ।
ਸਨੋਵਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਚ ਸਿਰਫ ਇਕ ਸਪੋਰਟਸ ਕਲੱਬ ਚਲਾਉਂਦੇ ਹਨ । ਕਿਸੇ ਤਰ੍ਹਾਂ ਦੀ ਫੈਡਰੇਸ਼ਨ ਉਨ੍ਹਾਂ ਵਲੋਂ ਅੱਡ ਤੌਰ ‘ਤੇ ਨਹੀਂ ਬਣਾਈ ਗਈ ਹੈ । ਸੰਦੀਪ ਦੇ ਕਤਲ ‘ਤੇ ਅਫਸੋਸ ਜ਼ਾਹਿਰ ਕਰਦਿਆਂ ਹੋਇਆਂ ਇਸ ਕਤਲ ਕਾਂਡ ਦੀ ਨਿਖੇਦੀ ਕੀਤੀ ਹੈ । ਪੰਜਾਬ ਪੁਲਿਸ ਵਲੋਂ ਉਨ੍ਹਾਂ ਦਾ ਨਾਂ ਨਾਮਜ਼ਦ ਕੀਤੇ ਜਾਣ ‘ਤੇ ਸਨੋਵਰ ਦਾ ਕਹਿਣਾ ਹੈ ਕਿ ਸਾਜਿਸ਼ ਤਹਿਤ ਉਨ੍ਹਾਂ ਦਾ ਨਾਂ ਇਸ ਕਤਲਕਾਂਡ ਚ ਜੋੜਿਆ ਗਿਆ ਹੈ । ਉਨ੍ਹਾਂ ਦੇ ਵਕੀਲ ਇਸ ਮਾਮਲੇ ਦੀ ਤਹਿ ਤੱਕ ਜਾਣਗੇ । ਅਦਾਲਤ ਚ ਇਸ ਬਾਬਤ ਆਪਣਾ ਪੱਖ ਰੱਖਿਆ ਜਾਵੇਗਾ । ਸਨੋਵਰ ਦਾ ਕਹਿਣਾ ਹੈ ਕਿ ਉਹ ਆਪ ਇਹ ਜਾਣਨਾ ਚਾਹੁੰਦੇ ਹਨ ਕਿ ਕਿਸ ਦੇ ਕਹਿਣ ‘ਤੇ ੳੇੁਨ੍ਹਾਂ ਦਾ ਨਾਂ ਇਸ ਚ ਸ਼ਾਮਿਲ ਕੀਤਾ ਹੈ।
ਸੰਗਰੂਰ ਜੇਲ੍ਹ ਤੋਂ ਲਿਆਉਂਦੇ ਗੈਂਗਸਟਰ ਫਤਿਹ ਵਲੋਂ ਉਨ੍ਹਾਂ ਦਾ ਹੀ ਨਾਂ ਲਏ ਜਾਣ ਦੇ ਸਵਾਲ ‘ਤੇ ਸਨੋਵਰ ਨੇ ਕਿਹਾ ਕਿ ਇਹ ਇਕ ਸਾਜਿਸ਼ ਹੈ । ਕਿਸੇ ਦੇ ਇਸ਼ਾਰਿਆਂ ‘ਤੇ ਹੀ ਗੈਂਗਸਟਰ ਵਲੋ ਜਾਨਬੁੱਝ ਕੇ ਉਨ੍ਹਾਂ ਦਾ ਨਾਂ ਲਿਆ ਗਿਆ ਹੈ । ਸਨੋਵਰ ਢਿੱਲੋਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਮੀਡੀਆ ਨਾਲ ਜੂੜੇ ਹੋਏ ਹਨ । ਉਨ੍ਹਾਂ ਵਲੋਂ ਕੀਤੇ ਗਏ ਸਮਾਜ ਸੁਧਾਰ ਦੇ ਕੰਮਾ ਕਾਰਣ ਵੀ ਕਈ ਲੋਕਾਂ ਨਾਲ ਰੰਜਿਸ਼ ਕਰਦੇ ਹਨ । ਸਨੋਵਰ ਨੇ ਭਾਰਤੀ ਕਾਨੂੰਨ ‘ਤੇ ਭਰਪੂਰ ਵਿਸ਼ਵਾਸ ਜਤਾਇਆ ਗਿਆ ਹੈ.
https://www.facebook.com/tvpunjab/videos/518691953212312