T20 ਵਿਸ਼ਵ ਕੱਪ : ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਤ੍ਰਿਨੀਦਾਦ ਅਤੇ ਟੋਬੈਗੋ ਦੇ ਬ੍ਰਾਇਨ ਲਾਰਾ ਸਟੇਡੀਅਮ ‘ਚ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 56 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ 11.5 ਓਵਰਾਂ ਵਿੱਚ 56 ਦੌੜਾਂ ਹੀ ਬਣਾ ਸਕੀ। ਦੱਖਣੀ ਅਫ਼ਰੀਕਾ ਦੀ ਟੀਮ ਨੇ ਵਿਰੋਧੀ ਟੀਮ ਵੱਲੋਂ ਦਿੱਤੇ ਗਏ ਟੀਚੇ ਨੂੰ 1 ਵਿਕਟ ਗੁਆ ਕੇ ਹਾਸਲ ਕਰ ਲਿਆ ਅਤੇ ਫਾਈਨਲ ਵਿੱਚ ਥਾਂ ਬਣਾ ਲਈ।
ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ਵਿੱਚ
ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ। ਦੱਖਣੀ ਅਫਰੀਕਾ ਨੇ ਸਿਰਫ਼ 8.5 ਓਵਰਾਂ ਵਿੱਚ 60 ਦੌੜਾਂ ਬਣਾ ਕੇ 29 ਜੂਨ ਨੂੰ ਬਾਰਬਾਡੋਸ ਵਿੱਚ ਹੋਣ ਵਾਲੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ।
ਅਫਗਾਨਿਸਤਾਨ ਦੀਆਂ ਵਿਕਟਾਂ ਇਕ ਤੋਂ ਬਾਅਦ ਇਕ ਡਿੱਗਦੀਆਂ ਰਹੀਆਂ
ਟਾਸ ਜਿੱਤ ਕੇ ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਅਫਗਾਨਿਸਤਾਨ ਟੀਮ ਦੀਆਂ ਵਿਕਟਾਂ ਇਕ ਤੋਂ ਬਾਅਦ ਇਕ ਡਿੱਗਦੀਆਂ ਰਹੀਆਂ। ਅੰਤ ਵਿੱਚ ਪੂਰੀ ਟੀਮ ਸਿਰਫ਼ 11.5 ਓਵਰਾਂ ਵਿੱਚ ਹੀ ਪੈਵੇਲੀਅਨ ਪਰਤ ਗਈ। ਅਫਗਾਨਿਸਤਾਨ ਦੀ ਟੀਮ ਨੂੰ ਪਹਿਲਾ ਝਟਕਾ ਰਹਿਮਾਨੁੱਲਾ ਗੁਰਬਾਜ਼ ਦੇ ਰੂਪ ‘ਚ ਲੱਗਾ ਜੋ ਜ਼ੀਰੋ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਗੁਲਬਦੀਨ ਨਾਇਬ 9 ਦੌੜਾਂ ਬਣਾ ਕੇ ਸਸਤੇ ‘ਚ ਆਊਟ ਹੋ ਗਏ, ਇਬਰਾਹਿਮ ਜ਼ਾਦਰਾਨ 2 ਦੌੜਾਂ ਬਣਾ ਕੇ, ਮੁਹੰਮਦ ਨਬੀ ਜ਼ੀਰੋ ਬਣਾਉਣ ਤੋਂ ਬਾਅਦ ਅਤੇ ਨੰਗੇਲੀਆ ਖਰੋਟੇ 2 ਦੌੜਾਂ ਬਣਾ ਕੇ ਸਸਤੇ ‘ਚ ਆਊਟ ਹੋ ਗਏ | ਅਫਗਾਨਿਸਤਾਨ ਦੀਆਂ ਪੰਜ ਵਿਕਟਾਂ 23 ਦੌੜਾਂ ‘ਤੇ ਡਿੱਗ ਚੁੱਕੀਆਂ ਸਨ। ਇਸ ਤੋਂ ਥੋੜ੍ਹੀ ਦੇਰ ਬਾਅਦ ਅਜ਼ਮਤੁੱਲਾ ਉਮਰਜ਼ਈ 10 ਦੌੜਾਂ ਬਣਾ ਕੇ ਆਊਟ ਹੋ ਗਿਆ।
ਛੇ ਵਿਕਟਾਂ ਤੋਂ ਬਾਅਦ ਵੀ ਅਫਗਾਨਿਸਤਾਨ ਦੀ ਟੀਮ ਸੰਭਲ ਨਹੀਂ ਸਕੀ। 50 ਦੌੜਾਂ ਦੇ ਸਕੋਰ ‘ਤੇ ਕਰੀਮ ਜਨਤ 8 ਦੌੜਾਂ ਬਣਾ ਕੇ ਆਊਟ ਹੋ ਗਏ। ਤਬਰੇਜ਼ ਸ਼ਮਸੀ ਨੇ ਜ਼ੀਰੋ ‘ਤੇ ਨੂਰ ਅਹਿਮਦ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ 50 ਦੌੜਾਂ ਦੇ ਸਕੋਰ ‘ਤੇ ਕਪਤਾਨ ਰਾਸ਼ਿਦ ਖਾਨ 8 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਨਵੀਨ ਉਲ ਹੱਕ 56 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਅਫਗਾਨਿਸਤਾਨ ਦੀ ਟੀਮ ਵੀ ਇੰਨੇ ਹੀ ਦੌੜਾਂ ‘ਤੇ ਸਿਮਟ ਗਈ।
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਨੇ ਕਰ ਦਿੱਤਾ ਕਮਾਲ
ਅਫਗਾਨਿਸਤਾਨ ਦਾ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਗਲਤ ਸਾਬਤ ਹੋਇਆ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਪਿੱਚ ‘ਤੇ ਮੌਜੂਦ ਸੀਮਾਂ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਨਜ਼ਰ ਆਏ। ਮਾਰਕੋ ਜੇਨਸਨ ਨੇ ਤਿੰਨ, ਕਾਗਿਸੋ ਰਬਾਡਾ ਅਤੇ ਐਨਰਿਕ ਨੋਰਕੀਆ ਨੇ 2-2 ਵਿਕਟਾਂ ਲਈਆਂ ਜਦਕਿ ਸਪਿੰਨਰ ਤਬਰੇਜ਼ ਸ਼ਮਸੀ ਨੇ ਵੀ 3 ਵਿਕਟਾਂ ਲਈਆਂ।