Washington- ਡੋਨਾਲਡ ਟਰੰਪ ਵਿਰੁੱਧ 2020 ਦੀਆਂ ਚੋਣਾਂ ’ਚ ਦਖ਼ਲ ਅੰਦਾਜ਼ੀ ਦਾ ਅਪਰਾਧਿਕ ਕੇਸ ਲਿਆਉਣ ਵਾਲੇ ਸੰਘੀ ਵਕੀਲ ਨੇ ਯੂ. ਐਸ. ਕੈਪੀਟਲ ਅਤੇ ਆਇਓਵਾ ਕਾਕਸ ’ਤੇ ਹਮਲੇ ਦੀ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਭਾਵ ਕਿ 2 ਜਨਵਰੀ, 2024 ਨੂੰ ਮੁਕੱਦਮੇ ਦੀ ਸੁਣਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਵਿਸ਼ੇਸ਼ ਵਕੀਲ ਦੇ ਦਫ਼ਤਰ ਨੇ ਅੱਜ ਇੱਕ ਫਾਈਲਿੰਗ ’ਚ ਦੱਸਿਆ ਕਿ ਮੁਕੱਦਮੇ ’ਚ ਗਵਾਹ ਪੇਸ਼ ਕਰਨ ’ਚ ‘ਚਾਰ ਤੋਂ ਛੇ ਹਫ਼ਤਿਆਂ ਤੋਂ ਵੱਧ ਸਮਾਂ ਨਹੀਂ ਲੱਗੇਗਾ’, ਜਿਸ ਦਾ ਭਾਵ ਹੈ ਕਿ ਟਰੰਪ ਨੂੰ ਰਾਸ਼ਟਰਪਤੀ ਚੋਣਾਂ ਦੇ ਸਾਲ ’ਚ ਆਪਣੇ ਪਹਿਲੇ ਦੋ ਮਹੀਨੇ ਜਿਊਰੀ ਦੇ ਸਾਹਮਣੇ ਬਿਤਾਉਣੇ ਪੈਣਗੇ।
ਉੱਧਰ ਟਰੰਪ ਵਲੋਂ 2 ਜਨਵਰੀ ਦੇ ਪ੍ਰਸਤਾਵ ਦੀ ਨਿੰਦਾ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਵਿਸ਼ੇਸ਼ ਵਕੀਲ ਸਪੱਸ਼ਟ ਤੌਰ ’ਤੇ ਸਿਆਸੀ ਖੇਡ ਖੇਲ ਰਹੇ ਹਨ ਅਤੇ ਇਹ ਸਾਬਿਤ ਕਰ ਰਹੇ ਹਨ ਕਿ ਉਹ ਖੁੱਲ੍ਹੇ ਤੌਰ ’ਤੇ ਚੋਣਾਂ ’ਚ ਦਖ਼ਲ ਅੰਦਾਜ਼ੀ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਹ (ਟਰੰਪ) ਵ੍ਹਾਈਟ ਹਾਊਸ ਨੂੰ ਜਿੱਤਣ ਦੀ ਦੌੜ ਮੋਹਰੀ ਉਮੀਦਵਾਰ ਹਨ।