ਖੇਤੀਬਾੜੀ ਡੈਸਕ- ਕਿਸਾਨਾਂ ਨੂੰ ਖੇਤੀ ਵਿਸ਼ਿਆਂ ਬਾਰੇ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਦੇ ਤਕਨੀਕੀ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਬਲਾਕ ਭੋਗਪੁਰ ਅਧੀਨ ਪਿੰਡ ਡੱਲਾ, ਪਚਰੰਗਾ, ਕੋਟਲੀ, ਕੋਰਾਲਾ, ਸਿੰਘਪੁਰ ਅਤੇ ਬੁਲੋਵਾਲ ਆਦਿ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਕਰੀਬਨ 146200 ਹੈਕਟੇਅਰ ਰਕਬੇ ਚ ਝੋਨੇ ਦੀ ਲਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਵਿਭਾਗ ਵੱਲੋਂ ਤਕਰੀਬਨ 22000 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਦਾ ਟੀਚਾ ਮਿਥਿਆ ਗਿਆ ਹੈ।
ਡਾ.ਸਿੰਘ ਨੇ ਪਿੰਡਾ ਦਾ ਦੌਰਾ ਕਰਦਿਆਂ ਆਖਿਆ ਕਿ ਭਾਵੇਂ ਜ਼ਿਲ੍ਹੇ ਵਿੱਚ ਮੱਕੀ ਹੇਠ 7500 ਹੈਕਟੇਅਰ ਰਕਬਾ ਬੀਜਣ ਦਾ ਟੀਚਾ ਹੈ ਪਰ ਮੀਂਹ ਲੇਟ ਹੋਣ ਕਾਰਨ ਮੱਕੀ ਹੇਠ ਹੁਣ ਤੱਕ ਜ਼ਿਲ੍ਹੇ ਵਿੱਚ 6125 ਹੈਕਟੇਅਰ ਰਕਬਾ ਬੀਜਿਆ ਜਾ ਚੁੱਕਾ ਹੈ। ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 110 ਮੱਕੀ ਦੀਆਂ ਕਲੱਸਟਰ ਪ੍ਰਦਰਸ਼ਨੀਆ ਬੀਜਣ ਦਾ ਟੀਚਾ ਹੈ, ਜਿਸ ਅਧੀਨ 50 ਕਲੱਸਟਰ ਪ੍ਰਦਰਸ਼ਨੀਆ ਬੀਜੀਆਂ ਜਾ ਚੁੱਕੀਆ ਹਨ।
ਉਨ੍ਹਾਂ ਕਿਹਾ ਕਿ ਇਸੇ ਤਰਾਂ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਸਟਾਫ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਕਿਸਾਨਾਂ ਨਾਲ ਵਾਟੱਸ-ਐਪ, ਟੈਲੀਫੋਨ ਰਾਹੀਂ ਜੁੜਦੇ ਹੋਏ ਅਤੇ ਆਪਣੇ ਪੱਧਰ ’ਤੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਣਕਾਰੀਆਂ ਦੇਣ। ਡਾ.ਸੁਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਕਿਹਾ ਕਿ ਮੱਕੀ ਦੀ ਫ਼ਸਲ ਅਤੇ ਫਾਲ ਆਰਮੀ ਵਰਮ ਦੇ ਹਮਲੇ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਪਚਰੰਗਾਂ ਵਿੱਚ ਕਿਸਾਨ ਸ.ਨਿਰਮਲ ਸਿੰਘ ਵੱਲੋਂ ਬੀਜੀ ਗਈ 3.5 ਏਕੜ ਮੱਕੀ ਦੀ ਫ਼ਸਲ ’ਤੇ ਸਮੇਂ ਸਿਰ ਸਪਰੇ ਕਰਨ ਨਾਲ ਫਾਲ ਆਰਮੀ ਵਰਮ ਦਾ ਹਮਲਾ ਕੰਟਰੋਲ ਕੀਤਾ ਗਿਆ ਹੈ।
ਇਸੇ ਤਰਾਂ ਬਲਾਕ ਭੋਗਪੁਰ ਅਧੀਨ ਦੇ ਤਕਨੀਕੀ ਮਾਹਿਰਾਂ ਵੱਲੋਂ ਸਮੇਂ ਸਿਰ ਪਿੰਡ ਜਮਾਲਪੁਰ ਅਤੇ ਮੁਮੰਦਪੁਰ ਦੇ ਸ.ਦਲਵਿੰਦਰ ਸਿੰਘ ਅਤੇ ਸ.ਪਰਮਜੀਤ ਸਿੰਘ ਨੂੰ ਜਾਗਰੂਕ ਕੀਤਾ ਗਿਆ, ਜਿਸ ਨਾਲ ਫਾਲ ਆਰਮੀ ਵਰਮ ਦੇ ਹਮਲੇ ਤੋਂ ਮੱਕੀ ਦੀ ਫ਼ਸਲ ਨੂੰ ਬਚਾਇਆ ਜਾ ਸਕਿਆ।
ਡਾ.ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਉਹ ਝੋਨੇ ਅਤੇ ਬਾਸਮਤੀ ਵਿੱਚ ਪਹਿਲੇ 15 ਦਿਨਾਂ ਲਈ ਪਾਣੀ ਖਿਲਾਰਨ ਅਤੇ ਬਾਅਦ ਵਿੱਚ ਪਹਿਲਾ ਲੱਗਿਆ ਪਾਣੀ ਜ਼ੀਰਨ ਤੋਂ ਬਾਅਦ ਅਤੇ ਤਰੇੜਾ ਪਾਟਣ ਤੋਂ ਪਹਿਲਾ ਪਾਣੀ ਲਗਾਉਣ ਨਾਲ ਪਾਣੀ ਦੀ ਬਚਤ ਦੇ ਨਾਲ-ਨਾਲ ਫ਼ਸਲ ’ਤੇ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵੀ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖਾਦਾਂ ਦਾ ਇਸਤੇਮਾਲ ਵੀ ਲੋੜ ਅਨੁਸਾਰ ਕਰਨ, ਕਿਉਂਕਿ ਝੋਨੇ ਵਿੱਚ ਵਧੇਰੇ ਨਾਈਟਰੋਜ਼ਨ ਵਾਲੀ ਖਾਦ ਪਾਉਣ ਨਾਲ ਝੁਲਸ ਰੋਗ, ਮੁੱਢਾਂ ਦਾ ਗੱਲਣਾ ਆਦਿ ਰੋਗਾਂ ਵਿੱਚ ਵਾਧਾ ਹੋ ਸਕਦਾ ਹੈ।
ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਡਾ.ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫ਼ਸਰ, ਸ਼੍ਰੀ ਗੁਰਭਗਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਸ਼੍ਰੀ ਵਿਜੈ ਕੁਮਾਰ ਖੇਤੀਬਾੜੀ ਉਪਨਰੀਖਕ ਨਾਲ ਸਨ।