Kelowna- ਬਿ੍ਰਟਿਸ਼ ਕੋਲੰਬੀਆ ਦੇ ਪੱਛਮੀ ਕੇਲੋਨਾ ਵਿਖੇ ਜੰਗਲ ’ਚ ਲੱਗੀ ਅੱਗ ਨੇ ਵੱਡੀ ਪੱਧਰ ’ਤੇ ਘਰਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਥਾਨਕ ਅਧਿਕਾਰੀਆਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਪੱਛਮੀ ਕੇਲੋਨਾ ਫਾਇਰ ਵਿਭਾਗ ਦੇ ਮੁਖੀ ਜੇਸਨ ਬਰੋਲੰਡ ਨੇ ਕਿਹਾ ਕਿ ਅੱਗ ਉਮੀਦ ਤੋਂ ਕਿਤੇ ਵੱਧ ਭਿਆਨਕ ਸੀ। ਬਰੋਲੰਡ ਨੇ ਇੱਕ ਨਿਊਜ਼ ਬ੍ਰੀਫਿੰਗ ’ਚ ਦੱਸਿਆ ਕਿ ਮੈਕਡਗਲ ਕ੍ਰੀਕ ਦੇ ਲਾਗੇ ਜੰਗਲ ਦੀ ਅੱਗ ਦੇ ਤੇਜ਼ੀ ਨਾਲ ਵਧਣ ਕਾਰਨ ਜਿਹੜੇ ਲੋਕ ਉੱਥੋਂ ਨਹੀਂ ਨਿਕਲ ਸਕੇ ਸਨ, ਉਨ੍ਹਾਂ ਨੂੰ ਬਚਾਉਂਦਿਆਂ ਫਰਸਟ ਰਿਸਪਾਂਡਰ ਵੀ ਫਸ ਗਏ। ਉਨ੍ਹਾਂ ਨੇ ਇਸ ਘਟਨਾ ਨੂੰ ਫਾਇਰਫਾਈਟਰਜ਼ ਲਈ ਸਭ ਤੋਂ ਬੁਰਾ ਸੁਪਨਾ ਦੱਸਿਆ ਹੈ। ਉਨ੍ਹਾਂ ਕਿਹਾ, ‘‘ਕੱਲ੍ਹ ਰਾਤ ਜਾਨ ਅਤੇ ਜਾਇਦਾਦ ਨੂੰ ਬਚਾਉਣ ਲਈ ਕਈ ਜ਼ੋਖ਼ਮ ਚੁੱਕੇ ਗਏ। ਅਜਿਹਾ ਨਹੀਂ ਹੋਣਾ ਸੀ।’’ ਬਰੋਲੰਡ ਦਾ ਕਹਿਣਾ ਹੈ ਕਿ ਅੱਗ ਕਾਰਨ ਇੱਥੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਗਿਣਤੀ ਦਾ ਪਤਾ ਅੱਗ ’ਤੇ ਕਾਬੂ ਪਾਉਣ ਮਗਰੋਂ ਹੀ ਲੱਗੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਲੋਕਾਂ ਨੇ ਅੱਗ ਤੋਂ ਬਚਣ ਦੀ ਖ਼ਾਤਰ ਟਰੇਡਜ਼ ਕੋਵ ਝੀਲ ’ਚ ਛਾਲ ਮਾਰ ਦਿੱਤੀ, ਜਿਨ੍ਹਾਂ ਨੂੰ ਬਾਅਦ ’ਚ ਬਚਾਇਆ ਗਿਆ।
ਉੱਧਰ ਸੈਂਟਰਲ ਓਕਨਾਗਨ ਖੇਤਰੀ ਜ਼ਿਲ੍ਹੇ ਦੇ ਪ੍ਰਧਾਨ ਲਾਇਲ ਵੁੱਡਰਿੱਜ ਦਾ ਕਹਿਣਾ ਹੈ ਕਿ ਅੱਗ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗ ਵਿਰੁੱਧ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ। ਬੀ. ਸੀ. ਵਾਇਲਡਲਾਈਫ਼ ਸਰਵਿਸ ਦਾ ਕਹਿਣਾ ਹੈ ਕਿ ਵੀਰਵਾਰ ਦੁਪਹਿਰ ਤੋਂ ਬਾਅਦ ਇਹ ਅੱਗ 11 ਵਰਗ ਕਿਲੋਮੀਟਰ ਤੋਂ ਵੱਧ ਕੇ 68 ਵਰਗ ਕਿਲੋਮੀਟਰ ਤੱਕ ਫੈਲ ਗਈ ਸੀ। ਦੱਸ ਦਈਏ ਕਿ ਮੰਗਲਵਾਰ ਨੂੰ ਓਕਨਾਗਨ ਝੀਲ ਦੇ ਪੱਛਮ ’ਚ ਵਸੇ ਪੱਛਮੀ ਕੇਲੋਨਾ ਸ਼ਹਿਰ ਦੇ ਉੱਤਰ-ਪੱਛਮ ’ਚ, ਮੈਕਡਗਲ ਕ੍ਰੀਕ ਦੇ ਲਾਗੇ, ਜੰਗਲ ਦੀ ਅੱਗ ਦਾ ਪਤਾ ਲੱਗਾ ਸੀ ਪਰ ਇਹ ਅੱਗ ਦੋ ਦਿਨਾਂ ’ਚ ਹੀ ਬੇਹੱਦ ਤੇਜ਼ੀ ਨਾਲ ਫ਼ੈਲੀ ਹੈ। ਇਸ ਮਗਰੋਂ 150,000 ਦੀ ਵਸੋਂ ਵਾਲੇ ਕੇਲੋਨਾ ਸ਼ਹਿਰ ’ਚ ਸਟੇਟ ਆਫ਼ ਐਮਰਜੈਂਸੀ ਐਲਾਨੀ ਗਈ। ਅੱਗ ਕਾਰਨ ਵੈਸਟ ਕੇਲੋਨਾ ਸ਼ਹਿਰ ਅਤੇ ਵੈਸਟਬੈਂਕ ਫ਼ਸਟ ਨੇਸ਼ਨ (ਮੂਲਨਿਵਾਸੀ ਇਲਾਕੇ) ’ਚ ਵੀ ਵੀਰਵਾਰ ਰਾਤ ਨੂੰ ਲੋਕਲ ਸਟੇਟ ਆਫ਼ ਐਮਰਜੈਂਸੀ ਐਲਾਨੀ ਗਈ ਸੀ। ਵੈਸਟ ਕੇਲੋਨਾ ’ਚ ਇਸ ਸਮੇਂ 2,400 ਘਰਾਂ ਨੂੰ ਖ਼ਾਲੀ ਕਰਨ ਦੇ ਆਦੇਸ਼ ਜਾਰੀ ਹੋਏ ਹਨ ਅਤੇ 4,800 ਘਰਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਸ਼ੁੱਕਰਵਾਰ ਨੂੰ ਕੇਲੋਨਾ ਦੇ ਕਲਿਫ਼ਟਨ ਰੋਡ ਨੌਰਥ ਅਤੇ ਮੈਕਿਨਲੀ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।