ਪੰਜਾਬ ਵਿਚ ਦੀਵਾਲੀ ਮੌਕੋ ਲੋਕਾਂ ਨੇ ਧੜੱਲੇ ਨਾਲ ਫੂਕੀ ਪਰਾਲੀ, 587 ਘਟਨਾਵਾਂ ਵਾਪਰੀਆਂ

ਡੈਸਕ- ਪੰਜਾਬ ’ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਲੋਕ ਮਨਾਹੀ ਦੇ ਬਾਵਜੂਦ ਵੀ ਧੜੱਲੇ ਨਾਲ ਪਰਾਲੀ ਨੂੰ ਅੱਗ ਲਗਾ ਰਹੇ ਹਨ। ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ ਅਤੇ ਇੱਕ ਦਿਨ ਅੰਦਰ ਹੀ ਪਰਾਲੀ ਸਾੜਨ ਦੀਆਂ 587 ਘਟਨਾਵਾਂ ਵਾਪਰੀਆਂ ਹਨ।

ਨਾਲ ਹੀ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਕਾਰਨ ਵੀ ਪ੍ਰਦੂਸ਼ਣ ’ਚ ਵਾਧਾ ਹੋਇਆ ਹੈ ਅਤੇ ਹਵਾ ਦਾ ਮਿਆਰ ਹੋਰ ਖਰਾਬ ਹੋ ਗਿਆ ਹੈ। ਅੰਮ੍ਰਿਤਸਰ ’ਚ ਹਵਾ ‘ਬਹੁਤ ਮਾੜੀ’ ਸ਼੍ਰੇਣੀ ’ਚ ਪੁੱਜ ਗਈ ਅਤੇ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) 352 ਦਰਜ ਕੀਤਾ ਹੈ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਆਉਂਦੇ ਦਿਨਾਂ ’ਚ ਹੋਰ ਵੱਧ ਸਕਦਾ ਹੈ ਕਿ ਕਿਉਂਕਿ ਕਣਕ ਬੀਜਣ ਦਾ ਸੀਜ਼ਨ (1 ਤੋਂ 15 ਨਵੰਬਰ) ਅੱਜ ਸ਼ੁਰੂ ਹੋ ਗਿਆ ਹੈ। ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਾਸਤੇ ਕਿਸਾਨ ਪਰਾਲੀ ਸਾੜਨ ਲੱਗੇ ਹਨ।

ਦੱਸ ਦੇਈਏ ਕਿ ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ਦੀਆਂ ਕੁੱਲ 3537 ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚੋਂ 1071 ਘਟਨਾਵਾਂ ਪਿਛਲੇ ਦੋ ਦਿਨਾਂ ਅੰਦਰ ਦਰਜ ਕੀਤੀਆਂ ਗਈਆਂ ਹਨ ਜਦਕਿ 484 ਘਟਨਾਵਾਂ ਵੀਰਵਾਰ ਨੂੰ ਵਾਪਰੀਆਂ ਸਨ।