Site icon TV Punjab | Punjabi News Channel

ਘੋਰ ਪਤਿਤਪੁਣੇ ਦੇ ਦੋਸ਼ਾਂ ‘ਚ ਘਿਰੇ ਸੁੱਚਾ ਸਿੰਘ ਲੰਗਾਹ ਨੂੰ ਅੱਜ ਮਿਲ ਸਕਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ

ਅੰਮ੍ਰਿਤਸਰ-ਪਤਿਤਪੁਣੇ ਦੇ ਗੰਭੀਰ ਦੋਸ਼ਾਂ ਵਿੱਚ ਘਿਰਨ ਤੋਂ ਬਾਅਦ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਅੱਜ ਮੁਆਫੀ ਦਿੱਤੀ ਜਾ ਸਕਦੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਰੱਖੀ ਗਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਵਿਚ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਆਸ ਹੈ।

ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਰੱਬ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਪੱਦਵੀ ਆਉਂਦੀ ਹੈ। ਮੇਰਾ ਤਰਲਾ, ਮੇਰੀਆਂ ਮਿੰਨਤਾਂ, ਮੇਰੀ ਫਰਿਯਾਦ, ਸਿੰਘ ਸਾਹਿਬਾਨਾਂ ਵੱਲੋਂ ਕਬੂਲ ਕਰਕੇ ਮੈਨੂੰ ਭੁੱਲੇ ਭਟਕੇ ਨੂੰ ਮੁਆਫ਼ੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ ਮੁਆਫ਼ੀਨਾਮੇ ਲਈ ਅਣਗਿਣਤ ਬੇਨਤੀ ਪੱਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦੇ ਚੁੱਕਾ ਹਾਂ। ਮੇਰੀ ਸਮੁੱਚੀ ਸਾਧ ਸੰਗਤ, ਸੰਤਾਂ ਮਹਾਂਪੁਰਸ਼ਾਂ, ਜਥੇਬੰਦੀਆ, ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਸਿੱਖ ਸੰਸਥਾਵਾਂ ਨੂੰ ਹੱਥ ਜੋੜ ਕੇ ਨਿਮਾਣੇ ਸਿੱਖ ਵਜੋਂ ਬੇਨਤੀ ਹੈ ਕਿ ਮੈਨੂੰ ਸ਼ਰਨ ਆਏ ਨੂੰ ਗਲ ਨਾਲ ਲਾ ਕੇ ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਮੁਆਫ਼ੀ ਦੇ ਕੇ ਪੰਥ ’ਚ ਸ਼ਾਮਿਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮੇਰੇ ਰੋਜ਼ਾਨਾ ਜਦੋਂ ਮੈਂ ਘਰੋਂ ਨਿਕਲਦਾ ਹਾਂ ਤਾਂ ਬੁੱਢੇ ਮਾਂ-ਬਾਪ ਮੇਰੇ ਮੂੰਹ ਵੱਲ ਦੇਖਦੇ ਹਨ ਕਿ ਸ਼ਾਇਦ ਅੱਜ ਮੁਆਫ਼ੀ ਮਿਲ ਜਾਵੇ ਤੇ ਪਾਠ ਕਰਕੇ ਅਰਦਾਸ ਕਰਦੇ ਹਨ ਕਿ ਸਾਡੇ ਜਿਊਂਦੇ ਜੀਅ ਸਾਡੇ ਪੁੱਤਰ ਨੂੰ ਪੰਥ ’ਚ ਸ਼ਾਮਲ ਕਰ ਲਿਆ ਜਾਵੇ। ਮੈਂ ਆਪਣੀਆਂ ਭੁੱਲਾਂ ਬਖਸ਼ਾ ਕੇ ਗੁਰੂ ਗ੍ਰੰਥ, ਗੁਰੂ ਪੰਥ ਤੇ ਸਮੁੱਚੀ ਸਾਧ ਸੰਗਤ ਦੇ ਚਰਨਾਂ ਨਾਲ ਜੁੜਨਾ ਚਾਹੁੰਦਾ ਹਾਂ। ਲੰਗਾਹ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਮੈਨੂੰ ਜਿਹੜੀ ਵੀ ਸਜ਼ਾ ਲਗਾਉਣਗੇ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ।

ਗੌਰਤਲਬ ਹੈ ਕਿ ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰੀ ਭਰਦਿਆਂ ਲਗਾਤਾਰ 101 ਦਿਨ ਹੋ ਗਏ ਹਨ। ਲੰਗਾਹ ਰੋਜ਼ਾਨਾ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ’ਚ ਆਪਣੀ ਮੁਆਫ਼ੀ ਅਤੇ ਮੁੜ ਪੰਥ ’ਚ ਸ਼ਾਮਲ ਕਰਨ ਦੀ ਅਰਦਾਸ ਕਰਦੇ ਆ ਰਹੇ ਹਨ।

Exit mobile version