Site icon TV Punjab | Punjabi News Channel

ਮੁੜ ‘ਸੁੱਚਾ’ ਅਕਾਲੀ ਬਣਿਆ ਲੰਗਾਹ, ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਵਿੱਚ ਹੋ ਸਕਦੇ ਨੇ ਉਮੀਦਵਾਰ

ਡੈਸਕ- ਜਬਰ- ਜਨਾਹ ਦੇ ਮਾਮਲੇ ਕਾਰਨ ਵਿਵਾਦਾਂ ਵਿੱਚ ਰਹਿਣ ਵਾਲੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਵਾਪਸੀ ਹੋ ਗਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ।

ਲੰਗਾਹ ਕਰੀਬ ਸੱਤ ਸਾਲ ਪਾਰਟੀ ਤੋਂ ਦੂਰ ਸਨ। ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਪਾਰਟੀ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਸੀਟ ‘ਤੇ ਹੋਣ ਵਾਲੀ ਵਿਧਾਨ ਸਭਾ ਉਪ ਚੋਣ ‘ਚ ਉਮੀਦਵਾਰ ਬਣਾਇਆ ਜਾ ਸਕਦਾ ਹੈ।

ਪਾਰਟੀ ਨੇ ਦਿੱਤੀ ਦਲੀਲ
ਪਾਰਟੀ ਨੇ ਆਪਣੇ ਪੋਸਟ ਵਿੱਚ ਕਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਇੱਕ ਮੰਗ ਪੱਤਰ ਪ੍ਰਾਪਤ ਹੋਇਆ ਹੈ। ਜਿਸ ਵਿਚ ਉਹਨਾਂ ਨੇ ਪਾਰਟੀ ਦੇ ਸਾਹਮਣੇ ਇਹ ਨੁਕਤਾ ਰੱਖਿਆ ਹੈ ਕਿ ਅਦਾਲਤ ਨੇ ਉਹਨਾਂ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਲੰਗਾਹ ਨੂੰ ਬਰੀ ਕਰ ਦਿੱਤਾ ਹੈ।

ਉਨ੍ਹਾਂ ਇਹ ਵੀ ਲਿਖਿਆ ਕਿ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖ਼ਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਜਾਇਆ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਰੀ ਕਾਰਵਾਈ ਤੋਂ ਬਾਅਦ ਹੁਣ ਉਨ੍ਹਾਂ ਨੂੰ ਮੁੜ ਖ਼ਾਲਸਾ ਪੰਥ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

ਜਦੋਂ ਉਨ੍ਹਾਂ ‘ਤੇ ਇਲਜ਼ਾਮ ਲੱਗੇ ਸਨ ਤਾਂ ਉਨ੍ਹਾਂ ਤੁਰੰਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਉਨ੍ਹਾਂ ਨੇ ਆਪਣੇ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਹ ਜਨਮ ਤੋਂ ਹੀ ਅਕਾਲੀ ਸਨ ਅਤੇ ਆਖਰੀ ਸਾਹ ਤੱਕ ਅਕਾਲੀ ਹੀ ਰਹਿਣਗੇ। ਉਨ੍ਹਾਂ ਨੇ ਮੁੜ ਤੋਂ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਸੰਭਾਲਣ ਦੀ ਸਾਰਥਿਕ ਬੇਨਤੀ ਵੀ ਕੀਤੀ ਹੈ। ਲੰਗਾਹ ਵੱਲੋਂ ਪਾਰਟੀ ਨੂੰ ਕੀਤੀ ਗਈ ਬੇਨਤੀ ਨੂੰ ਉਨ੍ਹਾਂ ਵੱਲੋਂ ਪੇਸ਼ ਤੱਥਾਂ ਦੀ ਰੌਸ਼ਨੀ ਵਿੱਚ ਵਿਚਾਰਨ ਉਪਰੰਤ ਉਨ੍ਹਾਂ ਨੂੰ ਮੁੜ ਇੱਕ ਆਮ ਵਰਕਰ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਸਾਰਾ ਮਾਮਲਾ ਸੀ
ਲੰਗਾਹ ਖਿਲਾਫ 29 ਸਤੰਬਰ 2017 ਨੂੰ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਔਰਤ ਨੇ ਇਲਜ਼ਾਮ ਲਾਇਆ ਸੀ ਕਿ ਲੰਗਾਹ 2009 ਤੋਂ ਉਸ ਨਾਲ ਜਬਰ-ਜਨਾਹ ਕਰ ਰਿਹਾ ਸੀ। ਇਸ ਔਰਤ ਨੇ ਇੱਕ ਵੀਡੀਓ ਕਲਿੱਪ ਵੀ ਬਣਾਈ ਸੀ, ਜਿਸ ਨੂੰ ਉਸ ਨੇ ਪੁਲਿਸ ਹਵਾਲੇ ਕਰ ਦਿੱਤਾ ਸੀ। ਬਾਅਦ ਵਿੱਚ ਗੁਰਦਾਸਪੁਰ ਪੁਲਿਸ ਨੇ ਉਹਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। 5 ਅਕਤੂਬਰ 2017 ਨੂੰ ਲੰਗਾਹ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਅਦਾਲਤ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਵਾਪਸ ਲੈਣ ਤੋਂ ਬਾਅਦ ਲੰਗਾਹ ਨੂੰ ਬਰੀ ਕਰ ਦਿੱਤਾ ਗਿਆ ਸੀ।

ਕੌਣ ਹੈ ਲੰਗਾਹ ?
ਸੁੱਚਾ ਸਿੰਘ ਲੰਗਾਹ 1997 ਵਿਚ ਅਕਾਲੀ ਦਲ ਦੀ ਟਿਕਟ ‘ਤੇ ਧਾਰੀਵਾਲ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1997-2002 ਦੌਰਾਨ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਬਣੇ। 2007 ਵਿੱਚ ਉਹ ਧਾਰੀਵਾਲ ਤੋਂ ਮੁੜ ਚੁਣੇ ਗਏ। ਇਸ ਦੌਰਾਨ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਦਿੱਤਾ ਗਿਆ ਸੀ। ਹਾਲਾਂਕਿ ਉਹ 2012 ਅਤੇ 2017 ਵਿੱਚ ਡੇਰਾ ਬਾਬਾ ਨਾਨਕ ਤੋਂ ਚੋਣ ਹਾਰ ਗਏ ਸਨ।

Exit mobile version