ਸ਼ਰਾਬ ਪੀਕੇ ਤਖਤ ਸ਼੍ਰੀ ਦਮਦਮਾ ਸਾਹਿਬ ਗਏ ਸੀ.ਐੱਮ ਮਾਨ –ਸੁਖਬੀਰ ਬਾਦਲ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਵਿਵਾਦ ਚ ਫੰਸ ਗਏ ਹਨ । ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਨੇ ਭਗਵੰਤ ਮਾਨ ‘ਤੇ ਸ਼ਰਾਬ ਪੀ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਜਾਣ ਦੇ ਇਲਜ਼ਾਮ ਲਗਾਏ ਹਨ । ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਮੁੱਖ ਮੰਤਰੀ ਦਾ ਮੁਲਾਜ਼ਾ ਕਰਵਾਉਣ ਦੀ ਮੰਗ ਕੀਤੀ ਹੈ । ਅਕਾਲੀ ਦਲ ਦਾ ਕਹਿਣਾ ਹੈ ਕਿ ਜੇਕਰ ਭਗਵੰਤ ਮਾਨ ਸੱਚੇ ਸਾਬਿਤ ਹੋਏ ਤਾਂ ਉਹ ਜਨਤਕ ਤੌਰ ‘ਤੇ ਮੁਆਫੀ ਮੰਗ ਲੈਣਗੇ । ਓਧਰ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਦੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਹੈ ।

ਇਸ ਤੋਂ ਪਹਿਲਾਂ ਜਲੰਧਰ ਸੂਬਾ ਪੱਧਰੀ ਸਮਾਗਮ ਚ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਅਤੇ ਪੂਰੇ ਸਮਾਗਮ ਚ ਉਨ੍ਹਾਂ ਦੇ ਤੌਰ ਤਰੀਕੇ ਦੀ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ । ਸੋਸ਼ਲ ਮੀਡੀਆ ਯੂਜ਼ਰਸ ਨੇ ਭਗਵੰਤ ਮਾਨ ‘ਤੇ ਕਈ ਤਰ੍ਹਾਂ ਦੇ ਤੰਜ ਕਸੇ । ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ‘ਤੇ ਇਕ ਧਾਰਮਿਕ ਸਮਾਗਮ ਚ ਨਸ਼ਾ ਕਰਕੇ ਜਾਣ ਦੇ ਇਲਜ਼ਾਮ ਲੱਗੇ ਸਨ ।

ਵਿਧਾਨ ਸਭਾ ਚੋਣਾ ਦੌਰਾਨ ਵੀ ਭਗਵੰਤ ਮਾਨ ਦੇ ਨਸ਼ੇ ਦਾ ਮੁੱਦਾ ਹਾਵੀ ਰਿਹਾ ਸੀ ।ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਕਈ ਮੰਚਾ ‘ਤੇ ਭਗਵੰਤ ਮਾਨ ਦਾ ਸਾਥ ਦੇ ਕੇ ਸ਼ਰਾਬ ਛੱਡਣ ਦੀ ਪੁਸ਼ਟੀ ਕਰ ਚੁੱਕੇ ਹਨ ।ਭਗਵੰਤ ਮਾਨ ਦੇ ਹੀ ਸਾਥੀ ਲੋਕ ਸਭਾ ਮੈਂਬਰ ਹਰਿੰਦਰ ਖਾਲਸਾ ਨੇ ਭਗਵੰਤ ਮਾਨ ‘ਤੇ ਸ਼ਰਾਬ ਪੀ ਕੇ ਲੋਕ ਸਭਾ ਚ ਜਾਣ ਦੇ ਇਲਜ਼ਾਮ ਲਗਾਏ ਸਨ ।ਭਗਵੰਤ ਮਾਨ ਦiਆਂ ਲੋਕ ਸਭਾ ਚ ਬੋਲਦਿਆਂ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ ।ਆਪਣੇ ਆਪ ਨੂੰ ਵਿਵਾਦਾਂ ਚ ਘਿਰਦਾ ਵੇਖ ਭਗਵੰਤ ਮਾਨ ਨੇ ਆਪਣੀ ਮਾਂ ਦੀ ਸਹੁੰ ਚੁੱਕ ਸ਼ਰਾਬ ਨਾ ਪੀਣ ਦਾ ਵਾਅਦਾ ਕੀਤਾ ਸੀ ।ਸ਼ਰਾਬ ਨੂੰ ਲੈ ਕੇ ਹੀ ਭਗਵੰਤ ਮਾਨ ਹੁਣ ਇਕ ਵਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ ।