ਸੁਖਬੀਰ ਬਾਦਲ ਦੀ ਜੱਥੇਦਾਰ ਨੂੰ ਅਪੀਲ, ਸਜ਼ਾ ਤੇ ਲਓ ਜਲਦੀ ਫੈਸਲਾ

ਡੈਸਕ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਵੱਲੋਂ ਇੱਕ ਬੇਨਤੀ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਨਾਮ ਸੌਂਪਿਆ ਗਿਆ। ਜਿਸ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਉਹਨਾਂ ਨੂੰ ਦਿੱਤੀ ਜਾਣ ਵਾਲੀ ਧਾਰਮਿਕ ਸਜ਼ਾ ਤੇ ਫੈਸਲਾ ਜਲਦ ਲਿਆ ਜਾਵੇ। ਉਹਨਾਂ ਕਿਹਾ ਕਿ ਕਰੀਬ ਢਾਈ ਮਹੀਨਿਆਂ ਦਾ ਸਮਾਂ ਬੀਤ ਗਿਆ ਹੈ। ਜਿਸ ਕਾਰਨ ਹੁਣ ਸਿੰਘ ਸਾਹਿਬ ਕੋਈ ਫੈਸਲਾ ਲੈਣ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਗਾਵਤੀ ਆਗੂਆਂ ਨੇ ਅਕਾਲ ਤਖਤ ਵਿਖੇ ਸ਼ਿਕਾਇਤ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਸਕਤਰੇਤ ਅੱਗੇ ਬੇਨਤੀ ਕੀਤੀ ਹੈ ਕਿ ਇਹ ਸਭ ਕੁਝ ਸਿਆਸਤ ਤੋਂ ਪ੍ਰੇਰਿਤ ਹੈ, ਹਾਲਾਂਕਿ ਉਹ ਸਾਰੇ ਵੀ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਅਤੇ ਹੋਰ ਕਈ ਅਹਿਮ ਅਹੁਦਿਆਂ ਤੇ ਰਹਿ ਚੁੱਕੇ ਹਨ। ਪੰਥ ਮੁਤਾਬਕ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਸਿਰ-ਮੱਥੇ ਤੇ ਹੋਵੇਗਾ।

ਉਨ੍ਹਾਂ ਕਿਹਾ ਹੁਣ ਸੁਪਰੀਮ ਕੋਰਟ ਵੱਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ 8 ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਹੁਣ ਅਗਲੇ ਕੁਝ ਦਿਨਾਂ ਚ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਜਿਸਨੂੰ ਲੈ ਕੇ ਅਕਾਲੀ ਦਲ ਵੀ ਆਪਣੇ ਪੱਧਰ ਤੇ ਤਿਆਰੀ ਕਰਨਾ ਚਾਹੁੰਦਾ ਹੈ। ਇਸ ਲਈ ਬੇਨਤੀ ਕੀਤੀ ਗਈ ਹੈ ਕਿ ਧਾਰਮਿਕ ਸਜ਼ਾ ਤੇ ਛੇਤੀ ਫੈਸਲਾ ਲਿਆ ਜਾਵੇ। ਜ਼ਿਕਰਯੋਗ ਹੈ ਕਿ ਇਸੀ ਸਾਲ 30 ਅਗਸਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਉਹਨਾਂ ਤੇ ਇਲਜ਼ਾਮ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿੰਦਿਆਂ ਅਤੇ ਪੰਜਾਬ ਸਰਕਾਰ ਵਿੱਚ ਰਹਿੰਦਿਆਂ ਉਹਨਾਂ ਵੱਲੋਂ ਕੁੱਝ ਅਜਿਹੇ ਕੰਮ ਕੀਤੇ ਗਏ ਸਨ। ਜੋ ਸਿੱਖੀ ਰਹਿਤ ਮਰਿਯਾਦਾ ਦੇ ਖਿਲਾਫ਼ ਸਨ।

ਸੁਧਾਰ ਲਹਿਰ ਦੇ ਆਗੂਆਂ ਨੂੰ ਕੀਤੀ ਸੀ ਸ਼ਿਕਾਇਤ
ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਲੀਡਰਾਂ ਨੇ ਇੱਕ ਲਿਖਤੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੀ ਸੀ। ਜਿਸ ਵਿੱਚ ਕਈ ਘਟਨਾਵਾਂ ਨੂੰ ਅਧਾਰ ਬਣਾਇਆ ਗਿਆ ਸੀ। ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਧੀਨ ਆਪਣੇ ਮੁੱਖ ਉਦੇਸ਼ ਤੋਂ ਭੜਕ ਗਿਆ ਹੈ।