Site icon TV Punjab | Punjabi News Channel

ਸੱਜਣ ਕੁਮਾਰ ਖ਼ਿਲਾਫ਼ ਧਾਰਾ 302 ਹਟਾਈ ਜਾਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ-ਸੁਖਬੀਰ ਬਾਦਲ

ਡੈਸਕ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਖ਼ਿਲਾਫ਼ ਕੇਸ ਦੀ ਪੈਰਵੀ ਵਿਚ ਕੇਂਦਰ ਸਰਕਾਰ ਮਾੜਾ ਤੇ ਗ਼ੈਰ-ਗੰਭੀਰ ਰਵੱਈਆ ਅਪਣਾ ਰਹੀ ਹੈ ਜਿਸ ਕਾਰਨ ਉਸ ਖ਼ਿਲਾਫ਼ ਕਤਲ ਦੇ ਦੋਸ਼ ਰੱਦ ਕਰ ਦਿੱਤੇ ਗਏ ਹਨ। ਬਾਦਲ ਨੇ ਕਿਹਾ ਕਿ ਸੱਜਣ ਕੁਮਾਰ ਖ਼ਿਲਾਫ਼ ਧਾਰਾ 302 ਹਟਾਈ ਜਾਣ ਦੀ ਜ਼ਿੰਮੇਵਾਰੀ ਸਰਕਾਰੀ ਧਿਰ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ ਹੈ ਤੇ ਇਸ ਨਾਲ ਸਿੱਖ ਕੌਮ ਦਾ ਨਿਆਂ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਵਿਸ਼ਵਾਸ ਘਟਿਆ ਹੈ।

ਸੁਖਬੀਰ ਬਾਦਲ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਅਨੇਕਾਂ ਹੋਰ ਕਾਂਗਰਸੀ ਆਗੂਆਂ ਦੇ ਹੱਥ ਨਿਰਦੋਸ਼ ਸਿੱਖਾਂ ਦੇ ਖ਼ੂਨ ਨਾਲ ਲਿਬੜੇ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਕਾਫੀ ਛੋਟਾਂ ਦਿੱਤੀਆਂ। ਅਕਾਲੀ ਦਲ ਖ਼ਾਲਸਾ ਪੰਥ ਦੀ ਅਨਿਆਂ ਖ਼ਿਲਾਫ਼ ਲੜਾਈ ਦੀ ਅਗਵਾਈ ਕਰਦਾ ਰਹੇਗਾ ਤੇ ਜਦੋਂ ਤੱਕ ਸਾਰੇ ਕਾਤਲ ਫਾਂਸੀ ਨਹੀਂ ਚੜ੍ਹਾਏ ਜਾਂਦੇ, ਟਿਕ ਕੇ ਨਹੀਂ ਬੈਠੇਗਾ। ਬਾਦਲ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ ਜਬਰ ਦੀ ਲਹਿਰ ਵਿੱਢਣ ਦੀ ਵੀ ਨਿਖੇਧੀ ਕੀਤੀ। ਬਾਦਲ ਨੇ ਕਿਹਾ ਕਿ ਮਾਨ ਨੂੰ ਸਿੱਖ ਤੇ ਅਕਾਲੀ ਇਤਿਹਾਸ ਤੋਂ ਸਿੱਖਣ ਦੀ ਬਹੁਤ ਲੋੜ ਹੈ। ਜਿੰਨਾ ਜ਼ਿਆਦਾ ਜ਼ੁਲਮ ਸਾਡੇ ’ਤੇ ਕੀਤਾ ਗਿਆ, ਓਨਾ ਜ਼ਿਆਦਾ ਤਕੜੇ ਹੋ ਕੇ ਅਸੀਂ ਨਿੱਤਰੇ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਕਦੇ ਵੀ ਖਾਲਸਾ ਪੰਥ ਨੂੰ ਹਰਾਉਣ ਦੀ ਸੋਚ ਨਹੀਂ ਸਕਦਾ।

ਕਿਸਾਨਾਂ ਖ਼ਿਲਾਫ਼ ਵਰਤੇ ਰਵੱਈਏ ਦੀ ਬਾਦਲ ਨੇ ਨਿਖੇਧੀ ਕੀਤੀ ਤੇ ਕਿਹਾ ਕਿ ਪਹਿਲਾਂ ਹੀ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਦੌਰਾਨ ਇਕ ਬੇਕਸੂਰ ਦੀ ਮੌਤ ਹੋ ਚੁੱਕੀ ਹੈ। ਬਾਦਲ ਨੇ ਸ਼ਾਂਤੀਪੂਰਨ ਕਿਸਾਨ ਦੇ ਕਤਲ ਲਈ ਮੁੱਖ ਮੰਤਰੀ ਖਿਲਾਫ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ।

ਇਸੇ ਦੌਰਾਨ ਉਨ੍ਹਾਂ ਚੰਦਰਮਾ ’ਤੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਲਈ ਦੇਸ਼ ਦੇ ਵਿਗਿਆਨੀਆਂ ਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦਾ ਇਸ ਕੰਮ ਵਿਚ ਵਿਸ਼ੇਸ਼ ਯੋਗਦਾਨ ਹੈ ਤੇ ਇਸ ਵਾਸਤੇ ਸਭ ਨੂੰ ਵਧਾਈ ਹੈ।

Exit mobile version