ਮਧੂ-ਮੱਖੀ ਪਾਲਣ ਦੀ ਸਿਖਲਾਈ ਲਈ ਕੈਂਪ ਲਾਇਆ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੀ ਮਧੂ-ਮੱਖੀ ਪਾਲਣ ਇਕਾਈ ਵੱਲੋਂ ਕੌਮੀ ਖੇਤੀ ਵਿਕਾਸ ਯੋਜਨਾ, ਭਾਰਤ ਸਰਕਾਰ ਤਹਿਤ, ਪੰਜ-ਰੋਜ਼ਾ ਮੁੱਢਲਾ ਮਧੂਮੱਖੀ ਪਾਲਣ ਸਿਖਲਾਈ ਕੋਰਸ ਪਿੰਡ ਸ਼ਹਿਜਾਦ, ਲੁੁਧਿਆਣਾ ਵਿਖੇ ਲਾਇਆ ਗਿਆ ।

ਇਸ ਸਿਖਲਾਈ ਵਿਚ ਅਨੂਸੂਚਿਤ ਜਾਤੀ ਨਾਲ ਸੰਬੰਧਤ 25 ਪੇਂਡੂ ਬੇਰੁਜ਼ਗਾਰ ਨੌਜਵਾਨਾਂ ਅਤੇ ਮਹਿਲਾਵਾਂ ਨੇ ਹਿੱਸਾ ਲਿਆ। ਇਸ ਸਿਖਲਾਈ ਕੋਰਸ ਦੇ ਨਿਰਦੇਸ਼ਕ ਕੀਟ ਵਿਗਿਆਨੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਹ ਸਿਖਲਾਈ ਦਾ ਉਦੇਸ਼ ਅਨੂਸੂਚਿਤ ਜਾਤੀ ਨਾਲ ਸੰਬੰਧਤ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਅਤੇ ਔਰਤਾਂ ਨੂੰ ਉਨਾਂ ਦੇ ਕੋਲ ਜਾ ਕੇ ਮਧੂ ਮੱਖੀ ਪਾਲਣ ਕਿੱਤੇ ਸੰਬੰਧੀ ਮੁੱਢਲੀ ਜਾਣਕਾਰੀ ਅਤੇ ਮੁਹਾਰਤ ਪ੍ਰਦਾਨ ਕਰਨਾ ਸੀ।

ਇਸ ਸਿਖਲਾਈ ਦੌਰਾਨ ਕੀਟ ਵਿਗਿਆਨੀ ਡਾ. ਜਸਪਾਲ ਸਿੰਘ, ਡਾ. ਯੁਵਰਾਜ ਸਿੰਘ ਪਾਂਧਾ ਅਤੇ ਡਾ. ਭਾਰਤੀ ਮਹਿੰਦਰੂ ਨੇ ਸਿਖਿਆਰਥੀਆਂ ਨੂੰ ਮਧੂ-ਮੱਖੀਆਂ ਦੀ ਸਾਂਭ-ਸੰਭਾਲ ਸੰਬੰਧੀ ਹੱਥੀ ਸਿਖਲਾਈ ਦਿੰਦੇ ਹੋਏ ਵੱਖ ਤਕਨੀਕੀ ਢੰਗ ਤਰੀਕਿਆਂ ਨੂੰ ਸਮਝਾਇਆ।

ਲੋੜੀਂਦੇ ਸਾਜੋ ਸਮਾਨ, ਆਮਦਨ ਅਤੇ ਲਾਗਤ, ਵੱਖ-ਵੱਖ ਮੌਸਮਾਂ ਵਿੱਚ ਮਧੂ-ਮੱਖੀ ਕਟੁੰਬਾਂ ਦਾ ਸੁਚੱਜਾ ਪ੍ਰਬੰਧ, ਸ਼ਹਿਦ ਦੀ ਪ੍ਰੋਸੈਸਿੰਗ ਅਤੇ ਮੰਡੀਕਰਣ, ਆਦਿ ਸੰਬੰਧੀ ਭਰਪੂਰ ਜਾਣਕਾਰੀ ਅਤੇ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ ਗਏ।

ਪ੍ਰਿੰਸੀਪਲ ਵਿਗਿਆਨੀ ਅਤੇ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਿਖਲਾਈ ਇਸ ਸਾਲ ਦੇ ਅੰਤ ਤੱਕ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿਚ ਲਗਾਈਆਂ ਜਾਣ ਵਾਲੀਆਂ ਅਜਿਹੀਆਂ ਪੰਜ ਸਿਖਲਾਈਆਂ ਵਿੱਚੋਂ ਪਹਿਲੀ ਸਿਖਲਾਈ ਸੀ।

ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਸਿਖਲਾਈ ਦੇ ਅੰਤ ਵਿਚ ਸਰਟੀਫਿਕੇਟ ਦੇ ਨਾਲ ਯੂਨੀਵਰਸਿਟੀ ਵੱਲੋਂ ਮਧੂ-ਮੱਖੀ ਪਾਲਣ ਸਬੰਧੀ ਪੰਜਾਬੀ ਵਿਚ ਪ੍ਰਕਾਸ਼ਿਤ ਸਾਹਿਤ ਵੀ ਤਕਸੀਮ ਕੀਤਾ ਗਿਆ।

ਟੀਵੀ ਪੰਜਾਬ ਬਿਊਰੋ