ਚੰਡੀਗੜ੍ਹ- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕੀ ਬੋਲਣ ਦੀ ਆਜ਼ਾਦੀ ਕਿਸੇ ਤੋਂ ਖੋਹੀ ਨਹੀਂ ਜਾ ਸਕਦੀ । ਪੰਜਾਬ ਦੇ ਭੱਖਦੇ ਮੁੱਦਿਆਂ ‘ਤੇ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦੇ ਗੀਤਾਂ ਨੂੰ ਬੈਨ ਕਰਨਾ ਗਲਤ ਹੈ । ਸੁਖਬੀਰ ਮੁਤਾਬਿਕ ਪੰਜਾਬ ਭਰ ਦੇ ਅਕਾਲੀ ਵਰਕਰਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕਾਰਾਂ ਚ ਇਨ੍ਹਾਂ ਗਾਣਿਆਂ ਨੂੰ ਚਲਾ ਕੇ ਆਵਾਜ਼ ਬੁਲੰਦ ਕਰਨ । ਸੁਖਬੀਰ ਪਾਰਟੀ ਦੇ ਨੇਤਾਵਾਂ ਨਾਲ ਚੰਡੀਗੜ੍ਹ ਵਿਖੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।
ਪੰਜਾਬ ਦੇ ਮੁੱਖ ਮਸਲਿਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ । ਅਕਾਲੀ ਦਲ ਨੇ ਹਰਿਆਣਾ ਵਲੋਂ ਚੰਡੀਗੜ੍ਹ ਚ ਵੱਖਰੀ ਵਿਧਾਨ ਸਭਾ ਬਣਾਏ ਜਾਣ ‘ਤੇ ਕੇਂਦਰ ਸਰਕਾਰ ਵਲੋਂ ਜ਼ਮੀਨ ਅਲਾਟ ਕੀਤੇ ਜਾਣ ਦਾ ਵਿਰੋਧ ਕੀਤਾ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਵੱਖਰੀ ਥਾਂ ਮੰਗ ਕੇ ਇਕ ਤਰ੍ਹਾਂ ਨਾਲ ਹਰਿਆਣਾ ਦੀ ਮੰਗ ਦਾ ਸਮਰਥਨ ਕੀਤਾ ਹੈ । ਸੁਖਬੀਰ ਮੁਤਾਬਿਕ ਅਕਾਲੀ ਦਲ ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਦੀ ਇਕ ਇੰਚ ਥਾਂ ਵੀ ਨਹੀਂ ਲੈਣ ਦੇਵੇਗਾ ।
ਸਿੱਧੂ ਮੂਸੇਵਾਲਾ ਕਤਲ ਕਾਂਡ ‘ਤੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਸੁਖਬੀਰ ਨੇ ਸਵਾਲ ਖੜੇ ਕੀਤੇ ਹਨ । ਉਨ੍ਹਾਂ ਕਿਹਾ ਕੀ ਇਸ ਕਤਲ ਕਾਂਡ ਚ ਦਿੱਲੀ ਪੁਲਿਸ ਵਲੋਂ ਹੀ ਸਾਰੀਆਂ ਅਹਿਮ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਜਦਕਿ ਪੰਜਾਬ ਪੁਲਿਸ ਮੁਲਜ਼ਮਾਂ ਨੂੰ ਬਚਾ ਰਹੀ ਹੈ । ਅਕਾਲੀ ਦਲ ਪ੍ਰਧਾਨ ਮੁਤਾਬਿਕ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦੇ ਮਾਮਲੇ ਚ ਆਪਣੇ ਅਫਸਰਾਂ ਨੂੰ ਬਚਾਉਣ ਲਈ ਪੰਜਾਬ ਪੁਲਿਸ ਢਿੱਲੀ ਜਾਂਚ ਕਰ ਰਹੀ ਹੈ । ਸੁਖਬੀਰ ਬਾਦਲ ਨੇ ਇਸ ਕਤਲ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਗਾ ਕੇ ਕੇਜਰੀਵਾਲ ਨੇ ਐਕਟਿੰਗ ਸੀ.ਅੇੱਮ ਬਣਾ ਦਿੱਤਾ ਹੈ । ਸੁਖਬੀਰ ਨੇ ਤਰਕ ਦਿੱਤਾ ਕੀ ਅਜਿਹਾ ਹੋਣ ਨਾਲ ਪੰਜਾਬ ਸੂਬੇ ਦੀ ਸਾਰੀ ਖੂਫੀਆ ਜਾਣਕਾਰੀ ਰਾਘਵ ਚੱਢਾ ਕੋਲ ਚਲੀ ਜਾਵੇਗੀ । ਪੰਜਾਬ ਦੇ ਸਾਬਕਾ ਡਿਪਟੀ ਸੀ.ਅੇੱਮ ਨੇ ਕਿਹਾ ਕੀ ਸੰਵਿਧਾਨ ਦੇ ਮੁਤਾਬਿਕ ਅਜਿਹਾ ਕਰਨਾ ਗਲਤ ਹੈ । ਉਨ੍ਹਾਂ ਭਗਵੰਤ ਮਾਨ ਨੂੰ ਕਠਪੁਤਲੀ ਸੀ.ਐੱਮ ਕਿਹਾ ਹੈ ।