Site icon TV Punjab | Punjabi News Channel

ਜਲਦ ਹੀ ਕਾਂਗਰਸ ‘ਚ ਸ਼ਾਮਲ ਹੋਣਗੇ ਸੁਖਪਾਲ ਸਿੰਘ ਖਹਿਰਾ! ਬਦਲਣਗੇ ਕਈ ਸਿਆਸੀ ਸਮੀਕਰਨ

ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)

ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਿਸੇ ਵੇਲੇ ਵੀ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ । ਭਰੋਸੇਯੋਗ ਸੂਤਰਾਂ ਮੁਤਾਬਕ ਖਹਿਰਾ ਨੂੰ ਕਾਂਗਰਸ ’ਚ ਸ਼ਾਮਲ ਕਰਨ ਦਾ ਰਸਮੀਂ ਐਲਾਨ ਕਰਵਾਉਣ ਲਈ ਕਾਂਗਰਸ ਹਾਈ ਕਮਾਂਡ ਪੰਜਾਬ ਮਾਮਲਿਆਂ ਦੇ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਦੀ ਉਡੀਕ ਵਿਚ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਕਾਂਗਰਸ ’ਚ ਸ਼ਮੂਲੀਅਤ ਕਰਵਾਉਣ ਲਈ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਨੇ ਵੀ ਹਰੀ ਝੰਡੀ ਦਿਖਾ ਦਿੱਤੀ ਹੈ। ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਸੁਖਪਾਲ ਸਿੰਘ ਖਹਿਰਾ ਪਿਛਲੇ ਅੱਠ-ਦੱਸ ਦਿਨਾਂ ਤੋਂ ਦਿੱਲੀ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੇਲ ਮਿਲਾਪ ਕਰ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਸਮੱਰਥਕਾਂ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ ਹੈ। ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਖ਼ਬਰ ਰਾਜਨੀਤੀ ਗਲਿਆਰਿਆਂ ਵਿਚ ਅੱਗ ਵਾਂਗ ਫੈਲ ਚੁੱਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਵਿੱਚ ਆਉਣ ਨਾਲ ਵੱਡੇ ਰਾਜਨੀਤਕ ਸਮੀਕਰਨ ਬਦਲ ਸਕਦੇ ਹਨ ਅਤੇ ਹਲਕਾ ਭੁਲੱਥ ਦੀ ਸਿਆਸਤ ਵਿਚ ਵੀ ਕਸ਼ਮਕਸ਼ ਦੇਖਣ ਨੂੰ ਮਿਲ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਖਹਿਰਾ ਦੇ ਕਾਂਗਰਸ ਵਿੱਚ ਆਉਣ ਦੀ ਭਿਣਕ ਤੋਂ ਬਾਅਦ ਵੱਖ ਵੱਖ ਪਾਰਟੀਆਂ ਤੋਂ ਟਿਕਟ ਲੈਣ ਵਾਲਿਆਂ ਦੀ ਵੀ ਦੌੜ ਸ਼ੁਰੂ ਹੋ ਚੁੱਕੀ ਹੈ

ਆਪ ਹੱਥੋਂ ਨਿਕਲ ਜਾਵੇਗਾ ਵੱਡਾ ਸਿਆਸੀ ਆਗੂ

ਜੇਕਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਵਿਚ ਵਾਕਿਆ ਹੀ ਸ਼ਾਮਲ ਹੋ ਜਾਂਦੇ ਹਨ ਤਾਂ ਇਸ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਉਸ ਦੇ ਹੱਥੋਂ ਇੱਕ ਵੱਡਾ ਸਿਆਸੀ ਆਗੂ ਨਿਕਲ ਜਾਵੇਗਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਖਹਿਰਾ ਦੇ ਆਪ ਵਿੱਚ ਹੋਣ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਉਸ ਦੇ ਸਿਆਸੀ ਤਜਰਬੇ ਦਾ ਸਾਰਥਕ ਲਾਹਾ ਨਹੀਂ ਲੈ ਸਕੀ ਕਿਉਂਕਿ ਸ਼ੁਰੂਆਤੀ ਦੌਰ ਦੇ ਦੌਰਾਨ ਸੁਖਪਾਲ ਸਿੰਘ ਖਹਿਰਾ ਜਦੋਂ ਆਪੋਜ਼ੀਸ਼ਨ ਦੇ ਲੀਡਰ ਸਨ ਤਾਂ ਉਨ੍ਹਾਂ ਨੇ ਸਿਆਸਤ ਵਿੱਚ ਤਰਥੱਲੀ ਮਚਾ ਦਿੱਤੀ ਸੀ। ਇਸ ਦੌਰਾਨ ਰੇਤ ਮਾਫੀਆ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਕਰਵਾਉਣਾ ਵੀ ਖਹਿਰਾ ਦੀ ਹੀ ਪ੍ਰਾਪਤੀ ਸੀ।
ਇਸ ਦੇ ਉਲਟ ਕਾਂਗਰਸ ਨੂੰ ਖਹਿਰਾ ਦੇ ਪਾਰਟੀ ਵਿੱਚ ਆਉਣ ਨਾਲ ਵੱਡਾ ਲਾਹਾ ਮਿਲਣ ਦੀ ਉਮੀਦ ਹੈ। ਇਸ ਨਾਲ ਪਾਰਟੀ ਨੂੰ ਜਿੱਥੇ ਇੱਕ ਚੰਗੇ ਸਿਆਸੀ ਕੱਦ ਵਾਲਾ ਤੇਜਤਰਾਰ ਲੀਡਰ ਮਿਲੇਗਾ ਉੱਥੇ ਹੀ ਹਲਕਾ ਭੁਲੱਥ ਤੋਂ ਇਕ ਮਜ਼ਬੂਤ ਉਮੀਦਵਾਰ ਵੀ ਮਿਲ ਜਾਵੇਗਾ।

ਟੀਵੀ ਪੰਜਾਬ ਬਿਊਰੋ

Exit mobile version