ਪ੍ਰਿਅਵਰਤ ਫੌਜੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਵੇਗੀ ਪੁਲਿਸ

ਚੰਡੀਗੜ੍ਹ- ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਜਿਹੜੇ ਸ਼ੂਟਰਾਂ ਦੀ ਤਲਾਸ਼ ਸੀ, ਉਨ੍ਹਾਂ ਵਿਚੋਂ ਦੋ ਨੂੰ ਦਿੱਲੀ ਪੁਲਿਸ ਨੇ ਫੜ ਲਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਤੇ ਪੁੱਛਗਿੱਛ ਕਰਨ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕੈਨੇਡਾ ‘ਚ ਰਹਿੰਦੇ ਆਪਣੇ ਸਰਗਨਾ ਗੋਲਡੀ ਬਰਾੜ ਦੇ ਸਹੀ ਟਿਕਾਣੇ ਦਾ ਖੁਲਾਸਾ ਕਰ ਦਿੱਤਾ ਹੈ। ਲਾਰੈਂਸ ਬਿਸ਼ਨੋਈ ਦਾ ਰਿਮਾਂਡ ਪੂਰਾ ਹੋ ਰਿਹਾ ਹੈ ਅਤੇ ਪੁਲਿਸ ਅਦਾਲਤ ਨੂੰ ਇਸ ਨੂੰ ਵਧਾਉਣ ਦੀ ਬੇਨਤੀ ਕਰੇਗੀ।

ਦੱਸ ਦਈਏ ਕਿ 29 ਮਈ ਨੂੰ ਮਾਨਸਾ ‘ਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਦਿੱਲੀ ਪੁਲਿਸ ਪੰਜਾਬ ਪੁਲਿਸ ਨਾਲੋਂ ਵੱਧ ਸਰਗਰਮ ਭੂਮਿਕਾ ਨਿਭਾ ਰਹੀ ਹੈ। ਸਿੱਧੂ ‘ਤੇ ਗੋਲੀ ਚਲਾਉਣ ਵਾਲੇ ਸ਼ੂਟਰਾਂ ਦੇ ਸਕੈੱਚ ਜਾਰੀ ਕਰਨ ਤੋਂ ਲੈ ਕੇ ਲਾਰੈਂਸ ਤੋਂ ਪੁੱਛਗਿੱਛ ਤਕ ਦਿੱਲੀ ਪੁਲਿਸ ਬਾਜ਼ੀ ਮਾਰ ਗਈ।

ਇਸ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਲਾਰੈਂਸ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਦਿੱਲੀ ਤੋਂ ਪੰਜਾਬ ਲਿਆਂਦਾ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਲਾਰੈਂਸ ਨੇ ਗੋਲਡੀ ਬਰੈਡ ਦੇ ਪਤੇ ਦਾ ਖੁਲਾਸਾ ਕੀਤਾ ਹੈ। ਗੋਲਡੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਇਸ ਮਾਮਲੇ ‘ਚ ਹੁਣ ਤਕ 11 ਗ੍ਰਿਫ਼ਤਾਰੀਆਂ ਕਰ ਚੁੱਕੀ ਹੈ। ਇਨ੍ਹਾਂ ਵਿੱਚ ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ, ਸਾਰਜ ਮਿੰਟੂ, ਪ੍ਰਭਦੀਪ ਸਿੱਧੂ ਉਰਫ਼ ਪੱਬੀ, ਮੋਨੂੰ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ, ਸੰਦੀਪ ਕੇਕੜਾ ਸ਼ਾਮਲ ਹਨ, ਜਿਨ੍ਹਾਂ ਨੇ ਗੋਲ਼ੀ ਚਲਾਉਣ ਵਾਲਿਆਂ ਨੂੰ ਗੱਡੀ ਦਿੱਤੀ ਸੀ। ਇਸ ਮਾਮਲੇ ‘ਚ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ।