ਭਲਕੇ ਤੋਂ ਚੰਡੀਗੜ੍ਹ ‘ਚ ਪਏਗੀ ਝੁਲ.ਸਾ ਦੇਣ ਵਾਲੀ ਗਰਮੀ, ਚੱਲੇਗੀ ਲੂ, 44 ਡਿਗਰੀ ਤੱਕ ਪਹੁੰਚੇਗਾ ਪਾਰਾ

ਡੈਸਕ- ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਭਲਕੇ 16 ਮਈ ਤੋਂ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਰਮੀ ਅਤੇ ਲੂ ਵਰਗੇ ਇਹ ਹਾਲਾਤ 18 ਮਈ ਤੱਕ ਰਹਿਣਗੇ। ਜਿੱਥੇ 16 ਮਈ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਹੇਗਾ, ਉਹ 18 ਮਈ ਨੂੰ 44 ਡਿਗਰੀ ਤੱਕ ਪਹੁੰਚ ਜਾਵੇਗਾ। ਇਸ ਸਮੇਂ ਦੌਰਾਨ, ਗਰਮ ਹਵਾ ਚੱਲੇਗੀ ਜੋ ਸਰੀਰ ਨੂੰ ਝੁਲਸ ਦੇਵੇਗੀ।

ਚੰਡੀਗੜ੍ਹ ‘ਚ ਮੌਸਮ ਵਿਭਾਗ ਵੱਲੋਂ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕੱਲ੍ਹ ਤੋਂ 2 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਗਰਮੀ ਤੇ ਲੂ ਵਾਲੇ ਹਾਲਾਤ 18 ਮਈ ਤੱਕ ਰਹਿਣਗੇ। 18 ਮਈ ਨੂੰ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਕਾਰਨ ਦਿਨ ਵੇਲੇ ਗਰਮੀ ਬਹੁਤ ਵਧ ਜਾਵੇਗੀ। ਇਸ ਦੇ ਲਈ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਭਲਕੇ 16 ਮਈ ਨੂੰ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਹੇਗਾ। ਇਹ ਹਰ ਦਿਨ ਵਧਦਾ ਜਾਵੇਗਾ।

ਇਸ ਤੋਂ ਬਾਅਦ 18 ਮਈ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 19 ਮਈ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹੇਗਾ।

ਤੇਜ਼ ਧੁੱਪ ਅਤੇ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅਡਵਾਈਜ਼ਰੀ ਅਨੁਸਾਰ ਸਿੱਧੀ ਧੁੱਪ ਤੋਂ ਬਚੋ, ਘਰ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖੋ, ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ, ਸਿੱਧੀ ਧੁੱਪ ਤੋਂ ਬਚਣ ਲਈ ਛੱਤਰੀਆਂ, ਟੋਪੀਆਂ ਅਤੇ ਐਨਕਾਂ ਦੀ ਵਰਤੋਂ ਕਰੋ, ਵਾਰ-ਵਾਰ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ, ਜਿੰਨਾ ਸੰਭਵ ਹੋ ਸਕੇ ਤਰਲ ਪਦਾਰਥ, ਫਲ ਅਤੇ ਸਲਾਦ ਦਾ ਸੇਵਨ ਕਰੋ।

ਇਸ ਦੇ ਨਾਲ ਹੀ ਸ਼ਰਾਬ, ਕੈਫੀਨ ਯੁਕਤ ਅਤੇ ਮਿੱਠੇ ਵਾਲੇ ਪੀਣ ਵਾਲੇ ਪਦਾਰਥ ਨਾ ਪੀਣ, ਬੱਚਿਆਂ, ਬਜ਼ੁਰਗਾਂ ਸਮੇਤ ਸਿਹਤ ਸਬੰਧੀ ਸਮੱਸਿਆਵਾਂ ਵਾਲੇ ਲੋਕ ਦਿਨ ਵੇਲੇ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਬਾਹਰ ਖੜ੍ਹੇ ਕਿਸੇ ਵੀ ਵਾਹਨ ਦੇ ਅੰਦਰ ਪਾਲਤੂ ਜਾਨਵਰਾਂ ਨੂੰ ਨਾ ਛੱਡੋ।