ਬਠਿੰਡਾ-ਪੰਜਾਬ ਤੋਂ ਲੰਘਣ ਦੌਰਾਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਇਕ ਵਾਰ ਫਿਰ ਪੰਜਾਬ ਆਏਗੀ। ਪਰ ਇਸ ਵਾਰ ਉਸ ਨੂੰ ਸੱਦਾ ਨਹੀਂ ਸੰਮਨ ਭੇਜ ਕੇ ਬੁਲਾਇਆ ਗਿਆ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਾਣਹਾਨੀ ਕੇਸ ‘ਚ ਸੰਮਨ ਜਾਰੀ ਹੋਇਆ ਹੈ। ਉਸ ਨੂੰ 19 ਅਪ੍ਰੈਲ ਨੂੰ ਬਠਿੰਡਾ ਕੋਰਟ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਕੰਗਣਾ ਨੂੰ ਇਹ ਸੰਮਨ ਪੰਜਾਬ ਦੀ 73 ਸਾਲਾ ਬਜ਼ੁਰਗ ਔਰਤ ਮਹਿੰਦਰ ਕੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਕਰਕੇ ਜਾਰੀ ਕੀਤਾ ਗਿਆ ਹੈ।
ਮਹਿੰਦਰ ਕੌਰ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਹੈ। ਕੰਗਨਾ ਨੇ ਖੇਤੀ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ। ਮਹਿੰਦਰ ਕੌਰ ਦੀ ਫੋਟੋ ਲਗਾ ਕਿਹਾ ਸੀ 100-100 ਰੁਪਏ ਦੀ ਦਿਹਾੜੀਆਂ ‘ਤੇ ਆਏ ਹਨ। ਜਿਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਬਠਿੰਡਾ ਦੀ ਇੱਕ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਕੰਗਨਾ ਰਣੌਤ ਨੇ ਟਵਿੱਟਰ ‘ਤੇ ਮਹਿੰਦਰ ਕੌਰ ਨੂੰ ‘ਸ਼ਾਹੀਨ ਬਾਗ ਦੀ ਦਾਦੀ’ ਕਿਹਾ ਹੈ। ਕੌਰ ਦੇ ਵਕੀਲ ਰਘਬੀਰ ਸਿੰਘ ਮੁਤਾਬਿਕ ਸ਼ਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਨਹਾਨੀ) ਅਤੇ 500 (ਮਾਨਹਾਨੀ ਦੀ ਸਜ਼ਾ) ਤਹਿਤ ਦਰਜ ਕੀਤੀ ਗਈ ਸੀ।
ਸ਼ਿਕਾਇਤ ਵਿੱਚ ਮਹਿੰਦਰ ਕੌਰ ਨੇ ਕਿਹਾ ਕਿ ਅਦਾਕਾਰਾ ਨੇ ਟਵੀਟ ਵਿੱਚ ਮੇਰੀ ਤੁਲਨਾ ਕਿਸੇ ਹੋਰ ਔਰਤ ਨਾਲ ਕਰਕੇ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮੈਂ ਉਹੀ ਦਾਦੀ ਹਾਂ ਜਿਸ ਨੇ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲਿਆ ਸੀ। ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਇਸਤੇਮਾਲ ਕਰਕੇ ਅਭਿਨੇਤਰੀ ਨੇ ਉਸਦੀ ਸਾਖ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ।
ਦਾਦੀ ਦਾ ਦਾਅਵਾ ਹੈ ਕਿ ਕੰਗਨਾ ਦੇ ਟਵੀਟ ਕਾਰਨ ਉਸ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਗੁਆਂਢੀਆਂ, ਪਿੰਡ ਵਾਸੀਆਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ‘ਚ ਮਾਨਸਿਕ ਤਣਾਅ, ਦਰਦ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਕੰਗਨਾ ਨੇ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਖੇਚਲ ਵੀ ਨਹੀਂ ਕੀਤੀ। ਹੁਣ ਦੇਖਣਾ ਹੋਵੇਗਾ ਕਿ ਕਾਂਗਾਂ ਹੁਣ ਪੰਜਾਬ ਆਉਂਦੀ ਹੈ ਜਾਂ ਨਹੀਂ ਤੇ ਬੇਬੇ ਮਹਿੰਦਰ ਕੌਰ ਤੋਂ ਮੁਆਫੀ ਮੰਗਦੀ ਹੈ ਜਾਂ ਨਹੀਂ ?