Site icon TV Punjab | Punjabi News Channel

ਆਲੇ ਦੁਆਲੇ ਗਲਤ ਸਲਾਹਕਾਰ ਫੈਸਲੇ ਕਰਵਾ ਰਹੇ ਹਨ, ਸੁਨੀਲ ਜਾਖੜ ਦਾ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਐਮ ਪੀ ਪ੍ਰਤਾਪ ਸਿੰਘ ਬਾਜਵਾ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਵਾਪਸ ਪਰਤ ਆਏ ਹਨ।
ਜਾਖੜ ਨੇ ਮੀਡੀਆ ਨੂੰ ਦੱਸਿਆ ਕਿ ਰਾਹੁਲ ਗਾਂਧੀ ਇਕੱਲੇ ਇੱਕਲੇ ਆਗੂ ਨੂੰ ਮਿਲ ਰਹੇ ਹਨ ਅਤੇ ਪੰਜਾਬ ਕਾਂਗਰਸ ਬਾਰੇ ਜਲਦੀ ਹੀ ਹਾਈ ਕਮਾਂਡ ਕੋਈ ਫੈਸਲਾ ਲਵੇਗੀ।
ਸਵਾਲਾਂ ਦੇ ਜਵਾਬ ਦਿੰਦਿਆਂ ਜਾਖੜ ਨੇ ਮੁੜ ਦੁਹਰਾਇਆ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣਾ ਗਲਤ ਹੈ ਤੇ ਕਿਹਾ ਕਿ ਜੋ ਗਲਤ ਹੈ, ਉਸਨੂੰ ਸਹੀ ਨਹੀਂ ਕਿਹਾ ਜਾ ਸਕਦਾ।
ਜਾਖੜ ਨੇ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੇ ਆਲੇ ਦੁਆਲੇ ਦੇ ਗਲਤ ਸਲਾਹਕਾਰ ਅਜਿਹੇ ਫੈਸਲੇ ਕਰਵਾ ਰਹੇ ਹਨ ਅਤੇ ਉਹ ਮੁੱਖ ਮੰਤਰੀ ਦਫਤਰ ਨੂੰ ਕਸੂਤੇ ਹਾਲਾਤ ਵਿਚ ਫਸਾ ਰਹੇ ਹਨ। ਉਹਨਾਂ ਕਿਹਾ ਕਿ ਇਹ ਗਲਤ ਲੋਕ ਪਿਛਲੇ ਕੁਝ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਢੁਕ ਗਏ ਹਨ ਤੇ ਇਹਨਾਂ ਕਰ ਕੇ ਗਲਤ ਫੈਸਲੇ ਹੋ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਬਦਲਣ ਬਾਰੇ ਜਾਖੜ ਨੇ ਕਿਹਾ ਕਿ ਰੋਜ਼ਾਨਾ ਮੀਡੀਆ ਲਿਖ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਪ੍ਰਧਾਨ ਬਦਲ ਰਿਹਾ ਹੈ। ਉਹਨਾਂ ਕਿਹਾ ਪ੍ਰਧਾਨ ਬਦਲਣ ਲਈ ਮੇਰੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਮਸਲਾ 2022 ਦੀਆਂ ਚੋਣਾਂ ਇਕਜੁੱਟ ਹੋ ਕੇ ਲੜਨਾ ਤੇ ਜਿੱਤਣਾ ਹੈ।
ਨਵਜੋਤ ਸਿੰਘ ਸਿੱਧੂ ਬਾਰੇ ਜਾਖੜ ਨੇ ਕਿਹਾ ਕਿ ਜੇਕਰ ਉਹਨਾਂ ਕੋਈ ਗੱਲ ਕਰਨੀ ਹੈ ਤਾਂ ਫਿਰ ਉਹ ਰਾਹੁਲ ਗਾਂਧੀ ਕੋਲ ਆ ਕੇ ਕਰ ਸਕਦੇ ਹਨ।

Exit mobile version