ਸੁਪਰੀਮ ਕੋਰਟ ਨੇ ਪਰਡਿਊ ਫਾਰਮਾ ਦੇ ਅਰਬਾਂ ਡਾਲਰ ਦੇ ਓਪੀਔਡ ਸਮਝੌਤੇ ’ਤੇ ਲਾਈ ਰੋਕ

Washington- ਸੁਪਰੀਮ ਕੋਰਟ ਨੇ ਅੱਜ ਆਕਸੀਕੌਂਟੀਨ ਨਿਰਮਾਤਾ ਪਰਡਿਊ ਫਾਰਮਾ ਨਾਲ ਇੱਕ ਦੇਸ਼ ਵਿਆਪੀ ਸਮਝੌਤੇ ਨੂੰ ਅਸਥਾਈ ਰੂਪ ਨਾਲ ਰੋਕ ਦਿੱਤਾ, ਜਿਹੜਾ ਕੰਪਨੀ ਦੇ ਮਾਲਕ ਸੈਕਲਰ ਪਰਿਵਾਰ ਦੇ ਮੈਂਬਰਾਂ ਨੂੰ ਓਪੀਔਡ ਦੇ ਟੋਲ ’ਤੇ ਸਿਵਲ ਮੁਕੱਦਮੇ ਤੋਂ ਬਚਾਏਗਾ। ਜੱਜਾਂ ਨੇ ਸੂਬਾ ਅਤੇ ਸਥਾਨਕਾਂ ਸਰਕਾਰਾਂ ਨਾਲ ਪਿਛਲੇ ਸਾਲ ਹੋਏ ਸਮਝੌਤੇ ’ਤੇ ਰੋਕ ਲਾਉਣ ਦੇ ਬਾਇਡਨ ਪ੍ਰਸ਼ਾਸਨ ਦੀ ਅਪੀਲ ’ਤੇ ਸਹਿਮਤੀ ਜਤਾਈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਸਾਲ ਦੇ ਅੰਤ ਤੋਂ ਪਹਿਲਾਂ ਇਸ ਗੱਲ ’ਤੇ ਦਲੀਲਾਂ ਸੁਣੇਗਾ ਕਿ ਸਮਝੌਤਾ ਅੱਗੇ ਵੱਧ ਸਕਦਾ ਹੈ ਜਾਂ ਨਹੀਂ। ਇਹ ਸੌਦਾ ਕੰਪਨੀ ਨੂੰ ਦਿਵਾਲੀਆਪਨ ਤੋਂ ਇੱਕ ਵੱਖਰੀ ਇਕਾਈ ਦੇ ਰੂਪ ’ਚ ਉਭਾਰਨ ਦੀ ਆਗਿਆ ਦੇਵੇਗਾ, ਜਿਸ ਦੇ ਮੁਨਾਫ਼ੇ ਦੀ ਵਰਤੋਂ ਓਪੀਔਡ ਮਹਾਂਮਾਰੀ ਨਾਲ ਲੜਨ ਲਈ ਕੀਤੀ ਜਾਵੇਗੀ। ਸੈਕਲਰ ਪਰਿਵਾਰ ਦੇ ਮੈਂਬਰ 6 ਬਿਲੀਅਨ ਡਾਲਰ ਤੱਕ ਯੋਗਦਾਨ ਦੇਣ ’ਤੇ ਸਹਿਮਤ ਹੋ ਗਏ ਹਨ।
ਦੱਸਣਯੋਗ ਹੈ ਕਿ ਨਿਊਯਾਰਕ ’ਚ ਇੱਕ ਸੰਘੀ ਅਪੀਲ ਅਦਾਲਤ ਨੇ ਇਸ ਸਾਲ ਦੀ ਸ਼ੁਰੂਆਤ ’ਚ ਕੰਪਨੀ ਦੀ ਦੀਵਾਲੀਆਪਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ ਪਰ ਯੂ. ਐਸ. ਸਰਕਾਰ ਦੇ ਟਰੱਸਟੀ, ਜਿਹੜਾ ਕਿ ਨਿਆਂ ਵਿਭਾਗ ਦਾ ਹਿੱਸਾ ਹੈ, ਨੇ ਪਿਛਲੇ ਮਹੀਨੇ ਸੁਪਰੀਮ ਕੋਰਟ ਨੂੰ ਇਸ ਫ਼ੈਸਲੇ ਨੂੰ ਰੋਕਣ ਲਈ ਕਿਹਾ ਸੀ। ਸਰਕਾਰ ਨੇ ਦਲੀਲ ਦਿੱਤੀ ਕਿ ਹੇਠਲੀਆਂ ਅਦਾਲਤਾਂ ਨੂੰ ਸੈਕਲਰਾਂ ਨੂੰ ਜ਼ਿੰਮੇਵਾਰੀ ਤੋਂ ਨਹੀਂ ਬਚਾਉਣਾ ਚਾਹੀਦਾ। ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੰਪਨੀ ਵਲੋਂ ਦਿਵਾਲੀਆਪਨ ਲਈ ਅਰਜ਼ੀ ਦਾਇਰ ਕਰਨ ਤੋਂ ਪਹਿਲਾਂ ਸੈਕਲਰ ਪਰਿਵਾਰ ਨੇ ਪਰਡਿਊ ਫਾਰਮਾ ਤੋਂ ਲਗਭਗ 11 ਬਿਲੀਅਨ ਡਾਲਰ ਕੱਢ ਲਏ ਸਨ। ਫਿਲਹਾਲ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਅਕਤੂਬਰ ’ਚ ਕੀਤੀ ਜਾਵੇਗੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਓਪੀਔਡ ਨੂੰ ਹਾਲ ਹੀ ਦੇ ਸਾਲਾਂ ’ਚ ਅਮਰੀਕਾ ’ਚ ਓਵਰਡੋਜ਼ ਕਾਰਨ ਹੋਣ ਵਾਲੀਆਂ ਸਾਲਾਨਾ 70,000 ਤੋਂ ਵੱਧ ਮੌਤਾਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ’ਚ ਵਧੇਰੇ ਫੈਂਟਾਨਿਲ ਅਤੇ ਹੋਰ ਸਿੰਥੈਟਿਕ ਦਵਾਈਆਂ ਤੋਂ ਹਨ ਪਰ ਸਾਲ 2000 ਦੇ ਸ਼ੁਰੂ ਦੇ ਦਹਾਕੇ ’ਚ ਔਕਸੀਕੌਂਟਿਨ ਅਤੇ ਹੋਰ ਸ਼ਕਤੀਸ਼ਾਲੀ ਨੁਸਖ਼ੇ ਵਾਲੀਆਂ ਦਰਦ ਨਿਵਾਰਕ ਦਵਾਈਆਂ ਦੇ ਪ੍ਰਚਲਿਤ ਹੋਣ ਨਾਲ ਇਹ ਸੰਕਟ ਹੋਰ ਫੈਲ ਗਿਆ।