Surrey – ਸਰੀ ਦੇ ਰਹਿਣ ਦੋ ਬੱਚਿਆਂ 8 ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਅਗਵਾ ਹੋਣ ਮਗਰੋਂ ਬਿ੍ਰਟਿਸ਼ ਕੋਲੰਬੀਆ ’ਚ ਜਾਰੀ ਹੋਇਆ ਅੰਬਰ ਅਲਰਟ ਅੱਜ 10ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਪਰ ਅਜੇ ਵੀ ਪੁਲਿਸ ਦੇ ਹੱਥ ਖ਼ਾਲੀ ਹੀ ਹਨ। ਪੁਲਿਸ ਅਜੇ ਵੀ ਬੱਚਿਆਂ ਨੂੰ ਲੱਭਣ ’ਚ ਕਾਮਯਾਬ ਨਹੀਂ ਹੋ ਸਕੀ ਹੈ। ਉੱਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਇੱਕ ਹੋਰ ਵਾਹਨ ਦੀਆਂ ਤਸਵੀਰਾਂ ਜਾਰੀ ਕੀਤੀ ਹਨ, ਜਿਸ ’ਚ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਸਵਾਰ ਸਨ। ਇਸ ਬਾਰੇ ’ਚ ਪੁਲਿਸ ਅਧਿਕਾਰੀ ਸਾਰਜੈਂਟ ਡੇਵ ਸਟਰੇਚਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਅਤੇ ਕਿਸੇ ਵੀ ਜਾਣਕਾਰੀ ਜਾਂ ਘਟਨਾ ਬਾਰੇ ਸਾਨੂੰ ਜਾਣਕਾਰੀ ਦੇਣ ਜਿਹੜੀ ਕਿ ਸਾਨੂੰ ਜੋਸ਼ੂਆ ਅਤੇ ਅਰੋਰਾ ਬੋਲਟਨ ਤੱਕ ਲੈ ਕੇ ਜਾ ਸਕੇ। ਉਨ੍ਹਾਂ ਦੱਸਿਆ ਬੱਚਿਆਂ ਦੀ ਮਾਂ ਵੇਰਿਟੀ ਬੋਲਟਨ ਨੂੰ ਆਖ਼ਰੀ ਵਾਰ ਬੀਤੀ 15 ਜੁਲਾਈ ਨੂੰ ਕੈਮਲੂਪਸ ’ਚ ਦੇਖਿਆ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਬੱਚਿਆਂ ਦੀ ਕਥਿਤ ਅਗਵਾਕਾਰੀ ਪੂਰੇ ਯੋਜਨਾਬੰਧ ਤਰੀਕੇ ਨਾਲ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਸੀ ਉਨ੍ਹਾਂ ਕੋਲ ਇਹ ਪੁਖ਼ਤਾ ਜਾਣਕਾਰੀ ਹੈ ਕਿ ਬੱਚੇ ਆਪਣੀ ਮਾਂ ਵੇਰਿਟੀ ਬੋਲਟਨ, ਉਸ ਦੇ ਪਿਤਾ ਰੌਬਰਟ ਬੋਲਟਨ ਅਤੇ ਉਸ ਦੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਨਾਲ ਕਿਸੇ ਪੇਂਡੂ ਇਲਾਕੇ ’ਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਸਰੀ ’ਚ ਰਹਿੰਦੇ ਸਨ ਅਤੇ ਬੱਚਿਆਂ ਦੀ ਪ੍ਰਾਇਮਰੀ ਕਸਟਿਡੀ ਉਨ੍ਹਾਂ ਦੇ ਪਿਤਾ ਕੋਲ ਹੈ। ਬੀਤੀ 28 ਜੂਨ ਨੂੰ ਉਹ ਦੋਵੇਂ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਨ੍ਹਾਂ ਨੇ ਵਾਪਸ ਸਰੀ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਵਲੋਂ ਅੰਬਰ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।