ਪਟਿਆਲਾ ‘ਚ ਸਵਾਈਨ ਫਲੂ ਦੀ ਦਸਤਕ, ਮੌਤਾਂ ਦੀ ਗਿਣਤੀ ਹੋਈ ਦੋ

ਪਟਿਆਲਾ- ਸਵਾਈਨ ਫਲੂ ਨੇ ਸ਼ਾਹੀ ਸ਼ਹਿਰ ਪਟਿਆਲਾ ‘ਚ ਦਸਤਕ ਦੇ ਦਿੱਤੀ ਹੈ । ਇੱਥੋਂ ਦੇ ਬਲਾਕ ਦੁੱਧਨਸਾਧਾਂ ਅਧੀਨ ਪੈਂਦੇ ਪਿੰਡ ਦੁੱਦੜ ਵਿਖੇ ਲੰਘੇ ਦਿਨੀਂ ਇਕ ਮਰੀਜ਼ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਸਿਹਤ ਵਿਭਾਗ ਨੂੰ ਇਸ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੀ ਦੇਹ ਦਾ ਟੀਮਾਂ ਵੱਲੋਂ ਹਦਾਇਤਾਂ ਮੁਤਾਬਕ ਸਸਕਾਰ ਕਰ ਦਿੱਤਾ ਗਿਆ ਹੈ।

ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਐਸਪੀਡੀਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਲੰਘੇ ਦਿਨੀਂ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੁੱਦੜ ਦਾ ਇਕ 22 ਸਾਲਾ ਨੌਜਵਾਨ ਜੋ ਕਿ ਸਵਾਈਨ ਫਲੂ ਦੀ ਬੀਮਾਰੀ ਨਾਲ ਪੀਡ਼ਤ ਹੈ। ਜਿਸ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ। ਕਿਉਂਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਸਾਹ ਸੰਬੰਧੀ ਸ਼ਿਕਾਇਤ ਕਾਰਨ ਕਾਫੀ ਤਕਲੀਫ ‘ਚ ਸੀ। ਇਸ ਤੋਂ ਬਾਅਦ ਉਸ ਨੂੰ ਸਵਾਈਨ ਫਲੂ ਹੋ ਗਿਆ ਸੀ। ਸਵਾਈਨ ਫਲੂ ਕਾਰਨ ਉਸ ਦੀ ਹਾਲਤ ਹੋਰ ਜ਼ਿਆਦਾ ਗੰਭੀਰ ਹੋ ਗਈ ਸੀ। ਲੰਘੇ ਦਿਨੀਂ ਬਿਮਾਰੀ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੇ ਹਸਪਤਾਲ ‘ਚ ਜ਼ੇਰੇ ਇਲਾਜ ਦਮ ਤੋੜ ਦਿੱਤਾ ਹੈ ਤੇ ਉਸ ਦਾ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਸਕਾਰ ਵੀ ਕਰਵਾ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਲੰਘੇ ਦਿਨੀਂ ਪੁਰਾਣਾ ਬਿਸ਼ਨ ਨਗਰ ਦੇ ਰਹਿਣ ਵਾਲੇ ਇਕ ਪੰਜਾਹ ਸਾਲਾ ਵਿਅਕਤੀ ਦੀ ਵੀ ਸਵਾਈਨ ਫਲੂ ਨਾਲ ਮੌਤ ਹੋ ਗਈ ਹੈ। ਹੁਣ ਨੌਜਵਾਨ ਦੀ ਮੌਤ ਤੋਂ ਬਾਅਦ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਜ਼ਿਲ੍ਹੇ ‘ਚ 2 ਹੋ ਗਈ ਹੈ।