ਜਲੰਧਰ- ਸਿਆਸਤਦਾਨਾ ਕੋਲ ਸਿਆਸਤ ਕਰਨ ਲਈ ਕਈ ਮੁੱਦੇ ਹਨ । ਅਸਲ ਮੁੱਦਿਆਂ ਤੋਂ ਭਟਕਾਉਣ ਦੀ ਗੱਲ ਹੋਵੇ ਜਾਂ ਮੁੱਦਿਆਂ ਦੇ ਅਸਲ ਕਾਰਨਾ ਦੀ ਗੱਲ ਹੋਵੇ । ਹਮੇਸ਼ਾ ਗੱਲ ਹਵਾ ਹਵਾਈ ਕਰ ਦਿੱਤੀ ਜਾਂਦੀ ਹੈ । ਅੱਜਕਲ੍ਹ ਪੰਜਾਬ ਦੀ ਸਿਆਸਤ ਚ ਪਾਣੀ ਦਾ ਮੁੱਦਾ ਸਰਗਰਮ ਹੈ । ਐੱਸ.ਵਾਈ.ਐੱਲ ਯਾਨੀ ਕਿ ਸਤਲੁਜ ਯਮੁਨਾ ਲਿੰਕ ਨਹਿਰ।ਜਿਵੇਂ ਹੀ ਗੱਲ ਆਈ ਕਿ ਕੇਂਦਰੀ ਮੰਤਰੀ ਦੀ ਅਗੁਵਾਈ ਹੇਠ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਬੈਠਕ ਕਰਣਗੇ । ਪੰਜਾਬ ਦੇ ਕਈ ਸਿਆਸੀ ਆਗੂਆਂ ਨੇ ਸਿਰ ਕੱਢ ਲਏ । ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸੁਖਬੀਰ ਬਾਦਲ ਤੱਕ ਨੇ ਮੁੱਖ ਮੰਤਰੀ ਭਗਵੰਤਮਾਨ ਨੂੰ ਸਲਾਹਾਂ ਦੇ ਛੱਡੀਆਂ ।
ਪਰ ਕਹਿੰਦੇ ਹਨ ਨਾ ਕਿ ਬਗੈਰ ਮੰਗੀ ਸਲਾਹ ਦਾ ਕੋਈ ਮੁੱਲ ਨਹੀਂ ਹੁੰਦਾ । ਹੋਇਆ ਵੀ ਇਹੋ ਹੀ । ਬੈਠਕ ਹੋ ਗਈ,ਮੁੱਦਾ ਬੇਸਿੱਟਾ ਹੀ ਰਿਹਾ ਪਰ ਪੰਜਾਬ ਦੇ ਮੁੱਖ ਮੰਤਰੀ ਆਪਣੇ ਸਲਾਹਕਾਰਾਂ ਨੂੰ ਮਾਤ ਦੇ ਕੇ ਨਵਾਂ ਸਿਆਸੀ ਬਿਆਨ ਦੇ ਗਏ । ਉਨ੍ਹਾਂ ਕਿਹਾ ਕਿ ਸਤਲੁਜ ਦੀ ਥਾਂ ਇਹ ਨਹਿਰ ਯਮੁਨਾ ਤੋਂ ਪੰਜਾਬ ਚ ਵਾਪਿਸ ਆਵੇਗੀ ਤਾਂਹੀ ਗੱਲ ਬਣੇਗੀ ।ਐੱਸ.ਵਾਈ.ਐੱਲ ਦੀ ਥਾਂ ਵਾਈ.ਐੱਸ.ਐੱਲ ਨਾਲ ਪਾਣੀ ਦਾ ਮੁੱਦਾ ਹੱਲ ਕੀਤਾ ਜਾ ਸਕਦਾ ਹੈ । ਭਗਵੰਤ ਮਾਨ ਦਾ ਨਵਾਂ ਪੈਂਤੜਾ ਵੇਖ ਕੇ ਮਨਹੋਰ ਲਾਲ ਖੱਟੜ ਹੱਕੇ ਬੱਕੇ ਰਹਿ ਗਏ ।ਮੁੱਦੇ ‘ਤੇ ਨਵਾਂ ਮੁੱਦਾ ਬਣਾ ਦਿੱਤਾ ਗਿਆ ।ਸੁਪਰੀਮ ਕੋਰਟ ਦੇ ਕਹਿਣ ‘ਤੇ ਤੀਜੀ ਵਾਰ ਬੈਠੇ ਨੇਤਾ ਨਵੀਂ ਗੱਲ ਕਰ ਗਏ । ਹੁਣ ਸੱਭ ਚੁੱਪ ਹਨ ,ਸਲਾਹਕਾਰ ਅਤੇ ਸਿਆਸਤਦਾਨ ।
ਪੰਚਾ ਦਾ ਕਿਹਾ ਸਿਰ ਮੱਥੇ,ਪਰਨਾਲਾ ਉੱਥੇ ਦਾ ਊੱਥੇ ਵਾਲੀ ਕਹਾਵਤ ਦੇ ਨਾਲ ਫਿਲਹਾਲ ਪਾਣੀ ਉਸੇ ਪਰਨਾਲੇ ਚ ਹੀ ਘੁੰਮ ਰਿਹਾ ਹੈ । ਪਰ ਪੰਜਾਬ ਦੀ ਸਿਆਸਤ ਅੱਜਕਲ ਪਾਣੀ ਚ ਘੁਲੀ ਹੋਈ ਹੈ ।