ਡੈਸਕ- ਟੀ-20 ਵਿਸ਼ਵ ਕੱਪ 2024 ਦੇ 19ਵੇਂ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਰੋਮਾਂਚਕ ਮੈਚ ਵਿੱਚ 6 ਦੌੜਾਂ ਨਾਲ ਹਰਾਇਆ। ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਜਦਕਿ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਹੈ। ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 119 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ ਪੂਰੇ ਓਵਰ ਖੇਡ ਕੇ 7 ਵਿਕਟਾਂ ‘ਤੇ 113 ਦੌੜਾਂ ਹੀ ਬਣਾ ਸਕੀ ਅਤੇ 6 ਦੌੜਾਂ ਨਾਲ ਮੈਚ ਹਾਰ ਗਈ।
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ 58 ਦੌੜਾਂ ਤੱਕ 3 ਝਟਕੇ ਲੱਗ ਗਏ। ਇਸ ਤੋਂ ਬਾਅਦ ਰਿਸ਼ਭ ਪੰਤ (42) ਅਤੇ ਅਕਸ਼ਰ ਪਟੇਲ (20) ਨੇ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ ਪਰ ਇਸ ਤੋਂ ਬਾਅਦ ਪੂਰੀ ਟੀਮ 19 ਓਵਰਾਂ ‘ਚ 119 ਦੌੜਾਂ ‘ਤੇ ਢੇਰ ਹੋ ਗਈ। ਜਵਾਬ ‘ਚ ਪਾਕਿਸਤਾਨ ਵੱਲੋਂ ਮੁਹੰਮਦ ਰਿਜ਼ਵਾਨ (31), ਇਮਾਦ ਵਸੀਮ (15), ਬਾਬਰ ਆਜ਼ਮ, ਉਸਮਾਨ ਖਾਨ ਅਤੇ ਫਖਰ ਜ਼ਮਾਨ ਨੇ 13-13 ਦੌੜਾਂ ਬਣਾਈਆਂ, ਪਰ ਇਸ ਤੋਂ ਬਾਅਦ ਪੂਰਾ ਓਵਰ ਖੇਡਣ ਦੇ ਬਾਵਜੂਦ ਟੀਮ 113/7 ਦੌੜਾਂ ਹੀ ਬਣਾ ਸਕੀ।
ਮੈਚ ‘ਚ ਭਾਰਤੀ ਟੀਮ ਦੀ ਬੱਲੇਬਾਜ਼ੀ ਕਾਫੀ ਖਰਾਬ ਰਹੀ। ਪੰਤ ਅਤੇ ਅਕਸ਼ਰ ਨੂੰ ਛੱਡ ਕੇ ਕਿਸੇ ਵੀ ਬੱਲੇਬਾਜ਼ ਨੇ ਵਿਕਟ ‘ਤੇ ਟਿਕੇ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਕਾਰਨ ਸੀ ਕਿ 12ਵੇਂ ਓਵਰ ‘ਚ 89 ਦੌੜਾਂ ‘ਤੇ ਚੌਥੀ ਵਿਕਟ ਗੁਆਉਣ ਤੋਂ ਬਾਅਦ ਪੂਰੀ ਟੀਮ 19 ਓਵਰਾਂ ‘ਚ ਸਿਰਫ 119 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਦੇ 8 ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਵਿਰਾਟ ਕੋਹਲੀ ਵੀ 4 ਦੌੜਾਂ ਬਣਾ ਕੇ ਆਊਟ ਹੋ ਗਏ।
ਮੈਚ ‘ਚ ਪਾਕਿਸਤਾਨ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ। ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3-3 ਵਿਕਟਾਂ ਲਈਆਂ। ਨਸੀਮ ਨੇ ਕੋਹਲੀ, ਅਕਸ਼ਰ ਅਤੇ ਸ਼ਿਵਮ ਦੂਬੇ (3) ਨੂੰ ਆਪਣਾ ਸ਼ਿਕਾਰ ਬਣਾਇਆ। ਉਸ ਨੇ 4 ਓਵਰਾਂ ‘ਚ ਸਿਰਫ 21 ਦੌੜਾਂ ਹੀ ਦਿੱਤੀਆਂ। ਇਸੇ ਤਰ੍ਹਾਂ ਰਾਊਫ ਨੇ ਸੂਰਿਆਕੁਮਾਰ ਯਾਦਵ (7), ਹਾਰਦਿਕ ਪੰਡਯਾ (7) ਅਤੇ ਜਸਪ੍ਰੀਤ ਬੁਮਰਾਹ (0) ਨੂੰ ਆਊਟ ਕੀਤਾ। ਉਸ ਨੇ 3 ਓਵਰਾਂ ‘ਚ 21 ਦੌੜਾਂ ਦਿੱਤੀਆਂ। ਮੁਹੰਮਦ ਆਮਿਰ ਨੇ 2 ਅਤੇ ਸ਼ਾਹੀਨ ਅਫਰੀਦੀ ਨੇ 1 ਵਿਕਟ ਲਈ।
ਇਸ ਮੈਚ ਵਿੱਚ ਆਲ ਆਊਟ ਹੋਣ ਦੇ ਨਾਲ ਹੀ ਭਾਰਤ ਦੇ ਨਾਮ ਇੱਕ ਅਣਚਾਹੇ ਰਿਕਾਰਡ ਵੀ ਦਰਜ ਹੋ ਗਿਆ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ ਪਾਕਿਸਤਾਨ ਖ਼ਿਲਾਫ਼ ਆਲ ਆਊਟ ਹੋਈ। ਇਸ ਤੋਂ ਪਹਿਲਾਂ ਖੇਡੇ ਗਏ 7 ਮੈਚਾਂ ‘ਚ ਭਾਰਤ ਦੀਆਂ ਸਿਰਫ 9 ਵਿਕਟਾਂ ਹੀ ਡਿੱਗੀਆਂ ਸਨ। ਇਸੇ ਤਰ੍ਹਾਂ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਇਹ 7ਵੀਂ ਜਿੱਤ ਹੈ।
ਭਾਰਤੀ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ 119 ਦੌੜਾਂ ਦੇ ਸਕੋਰ ‘ਤੇ ਜਿੱਤ ਦਿਵਾਈ। ਟੀਮ ਦੀ ਤਰਫੋਂ ਜਸਪ੍ਰੀਤ ਬੁਮਰਾਹ ਨੇ 4 ਓਵਰਾਂ ਵਿੱਚ 14 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਉਨ੍ਹਾਂ ਨੇ ਰਿਜ਼ਵਾਨ (31), ਬਾਬਰ (13) ਅਤੇ ਇਫਤਿਖਾਰ ਅਹਿਮਦ (5) ਨੂੰ ਆਪਣਾ ਸ਼ਿਕਾਰ ਬਣਾਇਆ। ਬੁਮਰਾਹ ਦੇ ਨਾਂ ਹੁਣ 64 ਮੈਚਾਂ ‘ਚ 79 ਵਿਕਟਾਂ ਹਨ। ਇਸੇ ਤਰ੍ਹਾਂ ਪੰਡਯਾ ਨੇ 2, ਅਕਸ਼ਰ ਅਤੇ ਅਰਸ਼ਦੀਪ ਨੇ 1-1 ਵਿਕਟ ਲਈ।