T20 ਵਿਸ਼ਵ ਕੱਪ 2024: ਅਮਰੀਕਾ ਨੇ ਰਚਿਆ ਇਤਿਹਾਸ, ਸੁਪਰ-8 ‘ਚ ਕੁਆਲੀਫਾਈ, ਪਾਕਿਸਤਾਨ ਦੀ ਟੀਮ ਹੋਈ ਬਾਹਰ

T20 ਵਿਸ਼ਵ ਕੱਪ 2024: ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ 30ਵਾਂ ਮੈਚ ਸ਼ੁੱਕਰਵਾਰ ਨੂੰ ਫਲੋਰਿਡਾ ਵਿੱਚ ਅਮਰੀਕਾ ਅਤੇ ਆਇਰਲੈਂਡ ਵਿਚਾਲੇ ਖੇਡਿਆ ਜਾਣਾ ਸੀ, ਪਰ ਮੀਂਹ ਅਤੇ ਫਿਰ ਮੈਦਾਨ ਗਿੱਲਾ ਹੋਣ ਕਾਰਨ ਮੈਚ ਵਿੱਚ ਟਾਸ ਨਹੀਂ ਹੋ ਸਕਿਆ ਅਤੇ ਮੈਚ ਰੱਦ ਕਰ ਦਿੱਤਾ ਗਿਆ। ਮੈਚ ਰੱਦ ਹੋਣ ਤੋਂ ਬਾਅਦ ਅਮਰੀਕਾ ਨੇ ਇਤਿਹਾਸ ਰਚਦਿਆਂ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਇਸ ਨਾਲ ਅਮਰੀਕਾ ਹੁਣ ਭਾਰਤ ਤੋਂ ਬਾਅਦ ਗਰੁੱਪ-ਏ ਤੋਂ ਸੁਪਰ-8 ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਅਮਰੀਕਾ ਦੇ ਦੂਜੇ ਦੌਰ ‘ਚ ਪਹੁੰਚਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਹੁਣ ਸੁਪਰ-8 ਦੀ ਦੌੜ ‘ਚੋਂ ਬਾਹਰ ਹੋ ਗਈ ਹੈ। ਅਮਰੀਕਾ ਦੀ ਟੀਮ ਹੁਣ ਟੀ-20 ਵਿਸ਼ਵ ਕੱਪ 2026 ਵੀ ਖੇਡੇਗੀ।

ਅਮਰੀਕਾ ਨੇ ਲੀਗ ਪੜਾਅ ‘ਚ ਕੈਨੇਡਾ ਨੂੰ ਅਤੇ ਫਿਰ ਪਾਕਿਸਤਾਨ ਨੂੰ ਸੁਪਰ ਓਵਰ ‘ਚ ਹਰਾ ਕੇ ਵੱਡਾ ਹੰਗਾਮਾ ਕੀਤਾ ਸੀ। ਆਇਰਲੈਂਡ ਖ਼ਿਲਾਫ਼ ਮੈਚ ਰੱਦ ਹੋਣ ਤੋਂ ਬਾਅਦ ਅਮਰੀਕਾ ਨੇ ਚਾਰ ਮੈਚਾਂ ਵਿੱਚ ਦੋ ਜਿੱਤਾਂ ਅਤੇ ਇੱਕ ਹਾਰ ਅਤੇ ਇੱਕ ਮੈਚ ਦਾ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਇੱਕ ਅੰਕ ਹਾਸਲ ਕੀਤਾ ਅਤੇ ਪੰਜ ਅੰਕਾਂ ਨਾਲ ਸੁਪਰ-8 ਵਿੱਚ ਪ੍ਰਵੇਸ਼ ਕਰ ਲਿਆ। ਇਸ ਨਾਲ ਗਰੁੱਪ ਏ ਵਿੱਚੋਂ ਪਾਕਿਸਤਾਨ, ਕੈਨੇਡਾ ਅਤੇ ਆਇਰਲੈਂਡ ਦੀਆਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ।

ਪਾਕਿਸਤਾਨ ਨੂੰ ਆਪਣੇ ਪਹਿਲੇ ਦੋ ਮੈਚਾਂ ਵਿੱਚ ਅਮਰੀਕਾ ਅਤੇ ਫਿਰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੀਜੇ ਮੈਚ ਵਿੱਚ ਬਾਬਰ ਦੀ ਟੀਮ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ 2 ਅੰਕ ਹਾਸਲ ਕੀਤੇ। ਪਰ ਅਮਰੀਕਾ-ਆਇਰਲੈਂਡ ਮੈਚ ਮੀਂਹ ਪੈਣ ਕਾਰਨ ਪਾਕਿਸਤਾਨੀ ਟੀਮ ਦੀਆਂ ਅਗਲੇ ਦੌਰ ‘ਚ ਪਹੁੰਚਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਜੇਕਰ ਪਾਕਿਸਤਾਨ ਗਰੁੱਪ ਗੇੜ ਦਾ ਆਪਣਾ ਆਖਰੀ ਮੈਚ ਜਿੱਤ ਵੀ ਲੈਂਦਾ ਹੈ ਤਾਂ ਵੀ ਉਹ ਵੱਧ ਤੋਂ ਵੱਧ 4 ਅੰਕ ਹੀ ਹਾਸਲ ਕਰ ਸਕੇਗਾ। ਪਾਕਿਸਤਾਨ ਦੀ ਟੀਮ ਹੁਣ 16 ਜੂਨ ਨੂੰ ਆਇਰਲੈਂਡ ਖ਼ਿਲਾਫ਼ ਗਰੁੱਪ ਗੇੜ ਦਾ ਆਪਣਾ ਆਖਰੀ ਮੈਚ ਖੇਡੇਗੀ, ਜੋ ਹੁਣ ਸਿਰਫ਼ ਇੱਕ ਰਸਮੀ ਹੀ ਹੋਵੇਗੀ।

ਸੁਪਰ-8 ‘ਚ ਅਮਰੀਕਾ ਦਾ ਸ਼ਡਿਊਲ

ਸੁਪਰ-8 ‘ਚ ਅਮਰੀਕਾ ਦਾ ਸਾਹਮਣਾ ਹੁਣ 19 ਜੂਨ ਨੂੰ ਐਂਟੀਗੁਆ ‘ਚ ਦੱਖਣੀ ਅਫਰੀਕਾ, 21 ਜੂਨ ਨੂੰ ਬਾਰਬਾਡੋਸ ‘ਚ ਵੈਸਟਇੰਡੀਜ਼ ਅਤੇ ਫਿਰ ਗਰੁੱਪ ਬੀ ‘ਚ ਨੰਬਰ ਇਕ ਟੀਮ 23 ਜੂਨ ਨੂੰ ਬਾਰਬਾਡੋਸ ‘ਚ ਹੋਵੇਗਾ।

ਟੀ-20 ਵਿਸ਼ਵ ਕੱਪ 2024 ਦੇ ਗਰੁੱਪ ਏ ਦੀ ਸਥਿਤੀ

ਭਾਰਤ (3 ਮੈਚ) – 6 ਅੰਕ (3 ਜਿੱਤਾਂ)
ਅਮਰੀਕਾ (4 ਮੈਚ) – 5 ਅੰਕ (2 ਜਿੱਤ, 1 ਹਾਰ ਅਤੇ 1 ਮੈਚ ਛੱਡਿਆ ਗਿਆ)
ਪਾਕਿਸਤਾਨ (3 ਮੈਚ) – 2 ਅੰਕ (1 ਜਿੱਤ, 2 ਹਾਰ)
ਕੈਨੇਡਾ (4 ਮੈਚ) – 2 ਅੰਕ (1 ਜਿੱਤ, 2 ਹਾਰ)
ਆਇਰਲੈਂਡ (3 ਮੈਚ) – 1 ਅੰਕ (2 ਹਾਰੇ ਅਤੇ ਇੱਕ ਮੈਚ ਛੱਡਿਆ ਗਿਆ)