T20 World Cup ਤੋਂ ਬਾਹਰ ਹੋਇਆ ਪਾਕਿਸਤਾਨ, ਸੁਪਰ 8 ਵਿਚ ਟੀਮ ਇੰਡੀਆ

ਡੈਸਕ- ਟੀ-20 ਵਿਸ਼ਵ ਕੱਪ 2024 ਦਾ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਆਇਰਲੈਂਡ ਵਿਚਾਲੇ ਖੇਡਿਆ ਜਾਣ ਵਾਲਾ 30ਵਾਂ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਮੈਚ ਦੇ ਰੱਦ ਹੋਣ ਕਾਰਨ ਦੋਵਾਂ ਟੀਮਾਂ ਵਿਚਾਲੇ ਇਕ-ਇਕ ਅੰਕ ਵੰਡਿਆ ਗਿਆ। ਇਸ ਤਰ੍ਹਾਂ ਅਮਰੀਕਾ ਨੂੰ ਕੁੱਲ 5 ਅੰਕ ਮਿਲੇ ਅਤੇ ਉਹ ਸੁਪਰ 8 ‘ਚ ਪਹੁੰਚ ਗਿਆ। ਅਮਰੀਕਾ ਦੇ 5 ਅੰਕ ਹੋਣ ਨਾਲ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਪਾਕਿਸਤਾਨ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਪ੍ਰਸ਼ੰਸਕ ਮਜ਼ਾਕੀਆ ਮੀਮਜ਼ ਸ਼ੇਅਰ ਕਰ ਰਹੇ ਹਨ।

ਆਇਰਲੈਂਡ ਦੋ ਮੈਚਾਂ ਵਿਚ ਦੋ ਹਾਰਾਂ ਨਾਲ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਪਾਕਿਸਤਾਨ ਤਿੰਨ ਮੈਚਾਂ ‘ਚ ਇਕ ਜਿੱਤ ਨਾਲ ਤੀਜੇ ਸਥਾਨ ‘ਤੇ ਹੈ, ਜਦਕਿ ਭਾਰਤ ਲਗਾਤਾਰ 3 ਜਿੱਤਾਂ ਨਾਲ 6 ਅੰਕਾਂ ਨਾਲ ਗਰੁੱਪ ਟੇਬਲ ‘ਚ ਸਿਖਰ ‘ਤੇ ਹੈ। ਗਰੁੱਪ ਏ ਤੋਂ ਭਾਰਤ ਅਤੇ ਅਮਰੀਕਾ ਨੇ ਟੀ-20 ਵਿਸ਼ਵ ਕੱਪ ਦੇ ਸੁਪਰ 8 ਵਿੱਚ ਥਾਂ ਬਣਾ ਲਈ ਹੈ। ਪਾਕਿ ਦੇ ਬਾਹਰ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਇੱਕ ਪ੍ਰਸ਼ੰਸਕ ਨੇ ਲਿਖਿਆ, Bye Bye, Pakistan, Have a safe flight, Florida Karachi”

ਕਿਵੇਂ ਬਾਹਰ ਹੋਇਆ ਪਾਕਿਸਤਾਨ

ਸ਼ੁੱਕਰਵਾਰ ਨੂੰ ਆਇਰਲੈਂਡ ਅਤੇ ਅਮਰੀਕਾ ਵਿਚਾਲੇ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ। ਅਮਰੀਕਾ ਨੇ 4 ਮੈਚਾਂ ਵਿਚ 2 ਜਿੱਤ, 1 ਹਾਰ ਅਤੇ 1 ਰੱਦ ਮੈਚ ਦੇ ਨਾਲ 5 ਅੰਕ ਹਾਸਲ ਕੀਤੇ। ਪਾਕਿਸਤਾਨ ਦੇ 3 ਮੈਚਾਂ ‘ਚ 1 ਜਿੱਤ ਅਤੇ 2 ਹਾਰ ਦੇ ਨਾਲ 2 ਅੰਕ ਹਨ। ਆਇਰਲੈਂਡ ਖਿਲਾਫ਼ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 4 ਅੰਕਾਂ ਤੱਕ ਹੀ ਪਹੁੰਚ ਸਕੇਗੀ, ਜੋ ਅਮਰੀਕਾ ਨੂੰ ਪਿੱਛੇ ਛੱਡਣ ਲਈ ਕਾਫੀ ਨਹੀਂ ਹੈ।

ਟੀਮ ਇੰਡੀਆ 6 ਅੰਕਾਂ ਨਾਲ ਗਰੁੱਪ ਏ ਤੋਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਸੀ। ਉਸ ਦਾ ਆਖ਼ਰੀ ਮੁਕਾਬਲਾ ਅੱਜ ਫਲੋਰੀਡਾ ਵਿੱਚ ਕੈਨੇਡਾ ਨਾਲ ਹੋਵੇਗਾ। ਟੂਰਨਾਮੈਂਟ ਵਿੱਚ ਇੱਕ ਗਰੁੱਪ ਵਿੱਚੋਂ ਸਿਰਫ਼ 2 ਟੀਮਾਂ ਹੀ ਸੁਪਰ-8 ਵਿੱਚ ਪੁੱਜਣਗੀਆਂ। ਭਾਰਤ ਅਤੇ ਅਮਰੀਕਾ ਨੇ ਗਰੁੱਪ ਏ ਤੋਂ ਕੁਆਲੀਫਾਈ ਕੀਤਾ, ਜਿਸ ਕਾਰਨ ਪਾਕਿਸਤਾਨ ਦੇ ਨਾਲ ਆਇਰਲੈਂਡ ਅਤੇ ਕੈਨੇਡਾ ਦੀਆਂ ਟੀਮਾਂ ਵੀ ਸੁਪਰ-8 ਦੀ ਦੌੜ ਤੋਂ ਬਾਹਰ ਹੋ ਗਈਆਂ।