Site icon TV Punjab | Punjabi News Channel

ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ: IED ਧਮਾਕੇ ‘ਚ 6 ਚੀਨੀ ਇੰਜੀਨੀਅਰਾਂ ਸਣੇ 10 ਲੋਕਾਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੇ ਇਸਲਾਮਾਬਾਦ’ਚ ਵੱਡਾ ਅੱਤਵਾਦੀ ਹਮਲਾ ਹੋਣ ਦੀ ਖਬਰ ਹੈ। ਇਹ ਆਈ.ਈ.ਡੀ. ਹਮਲਾ ਚੀਨੀ ਇੰਜੀਨੀਅਰਾਂ ਅਤੇ ਪਾਕਿਸਤਾਨੀ ਸੈਨਿਕਾਂ ਨੂੰ ਲਿਜਾ ਰਹੀ ਬੱਸ ‘ਤੇ ਕੀਤਾ ਗਿਆ। ਇਸ ਹਮਲੇ ਵਿਚ 6 ਚੀਨੀ ਇੰਜੀਨੀਅਰਾਂ ਸਮੇਤ 10 ਲੋਕਾਂ ਦੀ ਮੌਤ ਦੇ ਨਾਲ ਹੀ ਕਈ ਲੋਕ ਜਖਮੀ ਹਨ। ਜਖਮੀਆਂ ਦੀ ਹਾਲਤ ਵੀ ਕਾਫੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਸ ਦਸੂ ਪੁਲ ‘ਤੇ ਕੰਮ ਕਰ ਰਹੇ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੀ ਸੀ। ਬੱਸ ਵਿਚ 30 ਇੰਜੀਨੀਅਰ ਅਤੇ ਕਰਮਚਾਰੀ ਸਵਾਰ ਸਨ।

ਬੱਸ ਦੀ ਸੁਰੱਖਿਆ ਪਾਕਿਸਤਾਨੀ ਸੈਨਿਕ ਕਰ ਰਹੇ ਸਨ। ਅਚਾਨਕ ਹੀ ਬੱਸ ਵਿਚ ਧਮਾਕਾ ਹੋਇਆ ਅਤੇ ਬੱਸ ਦੇ ਪਰਖੱਚੇ ਉੱਡ ਗਏ। ਖਬਰ ਲਿਖੇ ਜਾਣ ਤੱਕ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਸੀ। ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪਾਕਿਸਤਾਨ ਦੀ ਸਥਾਨਕ ਮੀਡੀਆ ਮੁਤਾਬਕ ਲਾਸ਼ਾਂ ਅਤੇ ਜ਼ਖਮੀਆਂ ਨੂੰ ਪੇਂਡੂ ਸਿਹਤ ਕੇਂਦਰ ਦਾਸੂ ਭੇਜ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਮੁਹੰਮਦ ਆਰਿਫ ਨੇ ਕਿਹਾ ਕਿ ਧਮਾਕੇ ਦੀ ਤੀਬਰਤਾ ਦਾ ਪਤਾ ਲਗਾਉਣ ਅਤੇ ਇਸ ਬਾਰੇ ਹੋਰ ਜਾਨਣ ਲਈ ਜਾਂਚ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਵੀ ਪਾਕਿਸਤਾਨੀ ਸੈਨਾ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਹ ਹਮਲਾ ਹੰਗੂ ਵਿਚ ਹੋਇਆ ਸੀ। ਇਸ ਹਮਲੇ ਵਿਚ ਪਾਕਿਸਤਾਨੀ ਸੈਨਾ ਦੇ ਕੈਪਟਨ ਅਬਦੁੱਲ ਬਾਸਿਤ ਸਮੇਤ 12 ਜਵਾਨਾਂ ਦੀ ਮੌਤ ਹੋ ਗਈ ਜਦਕਿ 15 ਜਵਾਨ ਜ਼ਖਮੀ ਹੋਏ ਸਨ।

ਟੀਵੀ ਪੰਜਾਬ ਬਿਊਰੋ

Exit mobile version