ਉੱਘੇ ਗਾਂਧੀਵਾਦੀ ਚਿੰਤਕ ਡਾਕਟਰ ਐਸਐਨ ਸੁਬਾਰਾਓ ਦਾ ਅੰਤਿਮ ਸੰਸਕਾਰ

ਜੌੜਾ (ਮੱਧ ਪ੍ਰਦੇਸ਼) : ਉੱਘੇ ਗਾਂਧੀਵਾਦੀ ਚਿੰਤਕ ਡਾਕਟਰ ਐਸਐਨ ਸੁਬਾਰਾਓ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸੰਸਕਾਰ ਮੌਕੇ ਦੇਸ਼ ਭਰ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਡਾਕਟਰ ਐਸਐਨ ਸੁਬਾਰਾਓ ਦਾ ਕੱਲ੍ਹ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਸੀ। ਡਾਕਟਰ ਸੁਬਾਰਾਓ ਨੇ ਕੱਲ੍ਹ ਸਵੇਰੇ 4 ਵਜੇ ਜੈਪੁਰ ਦੇ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੀ ਦੇਹ ਨੂੰ ਗਾਂਧੀ ਸੇਵਾ ਆਸ਼ਰਮ ਜੌੜਾ (ਮੱਧ ਪ੍ਰਦੇਸ਼) ਵਿਖੇ ਲਿਆਂਦਾ ਗਿਆ ਅਤੇ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਡਾਕਟਰ ਸੁਬਾਰਾਓ ਨੇ ਚੰਬਲ ਦੀ ਘਾਟੀ ਨੂੰ ਡਾਕੂਆਂ ਤੋਂ ਮੁਕਤ ਕਰਵਾਇਆ ਸੀ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਸੇਵਾ ਵਿਚ ਲਾਇਆ। ਡਾਕਟਰ ਸੁਬਾਰਾਓ ਭਾਰਤ ਦੀਆਂ 11 ਭਾਸ਼ਾਵਾਂ ਬੋਲ ਤੇ ਸਮਝ ਸਕਦੇ ਸਨ। ਉਨ੍ਹਾਂ ਨੂੰ ਸਾਰੇ ਧਰਮਾਂ ਦਾ ਵੀ ਮੁਢਲਾ ਗਿਆਨ ਸੀ।

ਗਾਂਧੀਵਾਦੀ ਚਿੰਤਕ ਡਾ.ਐਸ.ਐਨ. ਸੁਬਾਰਾਓ ਨੇ ਮਹਾਤਮਾ ਗਾਂਧੀ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਜੀਵਨ ਲਗਾ ਦਿੱਤਾ। ਉਨ੍ਹਾਂ ਨੂੰ ਸਮਾਜ ਵਿਚ ਸ਼ਾਂਤੀ, ਅਹਿੰਸਾ ਅਤੇ ਸਦਭਾਵਨਾ ਦਾ ਪ੍ਰਚਾਰ ਕਰਨ ਅਤੇ ਨੌਜਵਾਨਾਂ ਵਿਚ ਨਵੀਂ ਚੇਤਨਾ ਜਗਾਉਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

ਦੱਸ ਦੇਈਏ ਕਿ ਡਾਕਟਰ ਸੁਬਾਰਾਓ ਨੇ ਗਾਂਧੀ ਸੇਵਾ ਆਸ਼ਰਮ ਜੌੜਾ (ਮੱਧ ਪ੍ਰਦੇਸ਼) ਵਿਖੇ ਚੰਬਲ ਘਾਟੀ ਦੇ 654 ਡਾਕੂਆਂ ਤੋਂ ਸਮੂਹਿਕ ਆਤਮ ਸਮਰਪਣ ਕਰਵਾਇਆ ਸੀ। ਜਿਸ ਤੋਂ ਬਾਅਦ ਉਹ ਸੁਰਖੀਆਂ ‘ਚ ਆ ਗਏ ਸਨ।

ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਨੈਸ਼ਨਲ ਯੂਥ ਪ੍ਰੋਜੈਕਟ ਦੇ ਟਰਸਟੀ ਡਾ. ਗੁਰਦੇਵ ਸਿੰਘ ਸਿੱਧੂ, ਨੈਸ਼ਨਲ ਯੂਥ ਪ੍ਰੋਜੈਕਟ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਕਲੇਰ, ਸਤਪਾਲ ਅਸੀਮ ਅਤੇ ਗੁਰਪਾਲ ਸਿੰਘ ਚਾਹਲ ਨੇ ਪੰਜਾਬ ਦੇ ਨੌਜਵਾਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ।

ਟੀਵੀ ਪੰਜਾਬ ਬਿਊਰੋ