ਜਲੰਧਰ- ਪੰਜਾਬ ਦੀ ਕਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ । ਹਾਲਾਤ ਇੱਥੇ ਤੱਕ ਪਹੁੰਚ ਗਏ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਹਿਸ਼ਤਗਰਦਾਂ ਵਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।ਇਸ ਗੱਲ ਦਾ ਖੁਲਾਸਾ ਖੁਦ ਮੁੱਖ ਮੰਤਰੀ ਮਾਨ ਨੇ ਕੀਤਾ ਹੈ । ਸੰਗਰੂਰ ਲੋਕ ਸਭਾ ਜ਼ਿਮਣੀ ਚੋਣ ਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਚ ਭਦੌੜ ਵਿਖੇ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਲੋਕਾਂ ਵਲੋਂ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਮਾਨ ਨੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਦੀ ਪਰਵਾਹ ਨਹੀਂ ਕਰਦੇ ।ਲੋਕਾਂ ਵਲੋਂ ਮਿਲੇ ਫਤਵੇ ਮੁਤਾਬਿਕ ਉਹ ਪੰਜਾਬ ਦੀ ਜਨਤਾ ਦੀ ਸੇਵਾ ਕਰ ਰਹੇ ਹਨ ।
ਪੰਜਾਬ ਚ ਲਗਾਤਾਰ ਹੋ ਰਹੇ ਕਤਲ, ਪੁਲਿਸ ਇੰਟੈਲੀਜੈਂਸ ਦਫਤਰ ‘ਤੇ ਰਾਕੇਟ ਲਾਂਚਰ ਨਾਲ ਹਮਲਾ ਅਤੇ ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਨਾਲ ਇਹ ਤਾਂ ਸਾਬਿਤ ਹੋ ਹੀ ਰਿਹਾ ਹੈ ਕਿ ਪੰਜਾਬ ਚ ਇਕ ਵਾਰ ਫਿਰ ਦਹਿਸਤਗਰਦ ਸਰਗਰਮ ਹੋ ਰਹੇ ਹਨ । ਹੁਣ ਮੁੱਖ ਮੰਤਰੀ ਦੇ ਇਸ ਬਿਆਨ ਨੇ ਵੀ ਚਿੰਤਾ ਵਧਾ ਦਿੱਤੀ ਹੈ ।
ਮਾਨ ਦਾ ਕਹਿਣਾ ਹੈ ਕਿ ਉਹ ਖੁਦ ਜੇਲ੍ਹਾਂ ਚ ਬੰਦ ਬੰਦੀ ਸਿੰਘਾ ਦੀ ਰਿਹਾਈ ਦੇ ਹੱਕ ਚ ਹਨ ।ਪਰ ਕੁੱਝ ਲੋਕ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਾਹ ‘ਤੇ ਲੈ ਕੇ ਜਾ ਰਹੇ ਹਨ ।ਮਾਨ ਨੇ ਸਿਮਰਨਜੀਤ ਸਿੰਘ ਮਾਨ ਅਤੇ ਬਾਦਲ ਪਰਿਵਾਰ ‘ਤੇ ਵੀ ਕਈ ਇਲਜ਼ਾਮ ਲਗਾਏ ।