ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ‘ਤੇ ਹੋਈ ਚਰਚਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ‘ਤੇ ਲੰਮੀ ਚਰਚਾ ਹੋਈ।

ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਹੋਈ ਹੈ।

ਇਹ ਮੁਲਾਕਾਤ ਚੰਗੇ ਮਾਹੌਲ ਵਿਚ ਹੋਈ। ਮੈਂ ਉਨ੍ਹਾਂ ਨੂੰ ਤਿੰਨ ਖੇਤੀ ਕਾਨੂੰਨਾਂ ਬਾਰੇ ਝਗੜੇ ਨੂੰ ਖਤਮ ਕਰਨ ਲਈ ਕਿਹਾ ਹੈ, ਜਿਸ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵੀ ਇਸ ਦਾ ਹੱਲ ਲੱਭਣਾ ਚਾਹੁੰਦੇ ਹਨ। ਚੰਨੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ 3 ਮੁੱਦੇ ਰੱਖੇ ਹਨ।

ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਸਰਕਾਰ ਨੇ 10 ਅਕਤੂਬਰ ਤੋਂ ਕੀਤੀ ਹੈ। ਅਜਿਹੀ ਸਥਿਤੀ ਵਿਚ, ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਝੋਨੇ ਦੀ ਖਰੀਦ ਹੁਣੇ ਸ਼ੁਰੂ ਕੀਤੀ ਜਾਵੇ।

ਜਿਸ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਗੱਲ ਕਰਾਂਗਾ ਅਤੇ ਇਸ ਦਾ ਹੱਲ ਲੱਭਾਂਗਾ। ਚੰਨੀ ਨੇ ਦੱਸਿਆ ਕਿ ਮੈਂ ਤਿੰਨ ਖੇਤੀ ਕਾਨੂੰਨਾਂ ਦੇ ਝਗੜੇ ਨੂੰ ਖਤਮ ਕਰਨ ਲਈ ਗੱਲ ਕੀਤੀ ਹੈ। ਜਿਸਨੂੰ ਉਨ੍ਹਾਂ ਨੇ ਬਹੁਤ ਧਿਆਨ ਨਾਲ ਸੁਣਿਆ ਹੈ ਅਤੇ ਮੈਂ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਹੈ।

ਜਿਸਦੇ ਲਈ ਉਨ੍ਹਾਂ ਕਿਹਾ ਕਿ ਉਹ ਵੀ ਇਸਦਾ ਹੱਲ ਲੱਭਣਾ ਚਾਹੁੰਦੇ ਹਨ। ਚੰਨੀ ਨੇ ਕਿਹਾ ਕਿ ਮੈਂ ਕਰਤਾਰਪੁਰ ਕੋਰੀਡੋਰ (ਭਾਰਤ-ਪਾਕਿਸਤਾਨ ਗਲਿਆਰਾ) ਜੋ ਕਿ ਕੋਵਿਡ ਕਾਰਨ ਬੰਦ ਕਰ ਦਿੱਤਾ ਗਿਆ ਸੀ, ਨੂੰ ਤੁਰੰਤ ਖੋਲ੍ਹਣ ਲਈ ਕਿਹਾ ਹੈ ਤਾਂ ਜੋ ਸ਼ਰਧਾਲੂ ਉੱਥੇ ਜਾ ਕੇ ਨਤਮਸਤਕ ਹੋ ਸਕਣ।

ਟੀਵੀ ਪੰਜਾਬ ਬਿਊਰੋ