ਬਠਿੰਡਾ : ਸ਼ਹਿਰੀ ਬੁਨਿਆਦੀ ਢਾਂਚੇ ਦੀ ਸਰਵਪੱਖੀ ਉੱਨਤੀ ਲਈ ਯੋਜਨਾਬੱਧ ਵਿਕਾਸ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਆਧੁਨਿਕ ਦੌਰ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ ਵਿਚ ਲੋਕਾਂ ਨੂੰ ਚੰਗੀ ਸਿਹਤ ਨਾਲ ਜੋੜਨ ਲਈ ਸੂਬੇ ਭਰ ਵਿਚ ਪਾਰਕ ਵਿਕਸ਼ਿਤ ਕੀਤੇ ਜਾਣਗੇ।
ਉਨ੍ਹਾਂ ਨੇ ਇਹ ਗੱਲ ਆਪਣੇ ਬਠਿੰਡਾ ਦੌਰੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਬ੍ਰਾਂਚ ਨਹਿਰ ਦੇ ਨਾਲ-ਨਾਲ ਪਾਰਕ ਬਣਾਉਣ ਦੀ ਰੱਖੀ ਮੰਗ ਦੇ ਸੰਦਰਭ ਵਿਚ ਕਹੀ।
ਮੁੱਖ ਮੰਤਰੀ ਨੇ ਬੁਰਾਈ ਤੇ ਇਛਾਈ ਦੀ ਜਿੱਤ ਦੇ ਪ੍ਰਤੀਕ ਦੁ਼ਸ਼ਹਿਰੇ ਦੇ ਤਿਉਹਾਰ ਮੌਕੇ ਰਾਜ ਦੇ ਲੋਕਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸ਼ਹਿਰੀ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜ਼ੀਹ ਹੈ ਅਤੇ ਇਸ ਲਈ ਉਨ੍ਹਾਂ ਕੋਲ ਵਿਕਾਸ ਦਾ ਪੂਰਾ ਖ਼ਾਕਾ ਹੈ, ਜਿਸ ਵਿਚ ਸੀਵਰੇਜ਼ ਸਿਸਟਮ, ਵਧੀਆ ਮਾਰਕਿੱਟਾਂ ਅਤੇ ਪਾਰਕਾਂ ਆਦਿ ਹੋਣ ਜਿਸ ਨੂੰ ਆਉਣ ਵਾਲੇ ਸਮੇਂ ਵਿਚ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਇਕ ਲੋੜਵੰਦ ਨੂੰ ਬਿਨਾਂ ਕਿਸੇ ਮੁਸ਼ਕਿਲ ਅਤੇ ਬਿਨਾਂ ਕਿਸੇ ਦੇਰੀ ਦੇ ਮਿਲਣਾ ਚਾਹੀਦਾ ਹੈ। ਇੱਥੇ ਪਰਸਰਾਮ ਨਗਰ ਵਿਚ ਸ਼ਹੀਦ ਸਿਪਾਹੀ ਸੰਦੀਪ ਸਿੰਘ ਦੀ ਯਾਦ ਵਿਚ ਬਣਾਏ ਚੌਕ ਨੂੰ ਲੋਕ ਸਪਰਪਿਤ ਕਰਦਿਆਂ ਸ਼ਹੀਦ ਨਮਿੱਤ ਆਪਣੀ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ 2 ਅਗਸਤ 1999 ਨੂੰ ਸੂਰਨਕੋਟ, ਜੰਮੂ ਕਸ਼ਮੀਰ ਵਿਖੇ ਆਪਣਾ ਸਰਵ ਉੱਚ ਬਲੀਦਾਨ ਦੇਣ ਵਾਲੇ ਸੰਦੀਪ ਸਿੰਘ ਦੇ ਮਾਤਾ-ਪਿਤਾ ਨੂੰ ਮਿਲ ਕੇ ਆਸ਼ੀਰਵਾਦ ਲੈਣਾ ਉਨ੍ਹਾਂ ਲਈ ਇਕ ਭਾਵੁਕ ਪਲ ਹੈ।
ਇਸ ਮੌਕੇ ਚੰਨੀ ਨੇ ਸੈਨਿਕਾਂ ਅਤੇ ਅਧਿਆਪਕਾਂ ਦੇ ਸਮਾਜ ਪ੍ਰਤੀ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਕ ਪਾਸੇ ਜਿੱਥੇ ਆਪਣੇ ਦਿਲ ਵਿਚ ਦੇਸ਼ ਭਗਤੀ ਦੀ ਭਾਵਨਾ ਰੱਖਦੇ ਹਨ, ਉੱਥੇ ਹੀ ਰਾਸ਼ਟਰ ਨਿਰਮਾਣ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਬੋਲਦਿਆਂ ਜਿੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਪਿਛਲੇ ਦਿਨੀਂ ਕਸ਼ਮੀਰ ਵਿਚ ਸ਼ਹੀਦ ਹੋਏ 5 ਜਵਾਨਾਂ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ।
ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸ਼ਾਂਤੀ ਪਸੰਦ ਦੇਸ਼ ਹੈ ਪਰ ਇਸ ਨੂੰ ਕਮਜ਼ੋਰ ਸਮਝਣ ਵਾਲੇ ਦੁਸ਼ਮਣਾਂ ਦਾ ਮੂੰਹ ਤੋੜ ਜਵਾਬ ਦੇਣਾ ਵੀ ਜਾਣਦਾ ਹੈ। ਸਿੱਖ ਰੈਜੀਮੈਂਟ ਅਤੇ ਪੰਜਾਬ ਨੂੰ ਭਾਰਤੀ ਫੌਜ ਦੇ ਸਿਰ ਦਾ ਤਾਜ਼ ਦਸਦਿਆਂ ਵਿੱਤ ਮੰਤਰੀ ਨੇ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਮਾਪਿਆਂ ਨੂੰ ਵੀ ਸਿਜ਼ਦਾ ਕੀਤਾ। ਉਨ੍ਹਾਂ ਨੇ 2 ਕਿਲੋ ਵਾਟ ਤੱਕ ਦੇ ਬਿਜਲੀ ਲੋਡ ਵਾਲੇ ਉਪਭੋਗਤਾਵਾਂ ਦੇ ਬਿੱਲ ਬਕਾਏ ਦੀ ਮੁਆਫ਼ੀ ਲਈ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 30 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਬ੍ਰਾਂਚ ਨਹਿਰ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਰੋਜ਼ ਗਾਰਡਨ ਬਠਿੰਡਾ ਵਿਖੇ 2 ਏਕੜ ਵਿਚ 27.15 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਬਲਵੰਤ ਗਾਰਗੀ ਮਲਟੀਪਰਪਜ਼ ਔਡੀਟੌਰੀਅਮ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਵਿਚ 928 ਵਿਅਕਤੀਆਂ ਦੀ ਬੈਠਣ ਦੀ ਸਮਰੱਥਾਂ ਤੋਂ ਇਲਾਵਾ 120 ਲੋਕਾਂ ਲਈ ਓਪਨ ਏਅਰ ਥੀਏਟਰ, ਕਲਾ ਅਤੇ ਪ੍ਰਦਰਸ਼ਨੀ ਹਾਲ, ਕਨਫ਼ਰੰਸ ਹਾਲ, ਸੈਮੀਨਾਰ ਹਾਲ, ਕੈਫੇਟੇਰੀਆ ਵੀ ਬਣੇਗਾ।
ਮੁੱਖ ਮੰਤਰੀ ਨੇ ਮੈਰੀਟੋਰੀਅਸ ਸਕੂਲ ਵਿਖੇ ਸਥਾਪਿਤ ਵਿਸ਼ੇਸ਼ ਡੇਂਗੂ ਵਾਰਡ ਦਾ ਦੌਰਾ ਵੀ ਕੀਤਾ ਅਤੇ ਇੱਥੇ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਇੱਥੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟਾਈ।
ਟੀਵੀ ਪੰਜਾਬ ਬਿਊਰੋ