Dr. SN Subarao ਦਾ ਵਿਛੋੜਾ ਇਕ ਯੁਗ ਦਾ ਅੰਤ

ਡਾ. ਐੱਸ ਐਨ ਸੁਬਾਰਾਓ ਅੱਜ ਸਾਡੇ ਵਿਚ ਨਹੀਂ ਰਹੇ। 27 ਅਕਤੂਬਰ 2021 ਨੂੰ 92 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਸਾਨੂੰ ਸਦਾ ਲਈ ਅਲਵਿਦਾ ਆਖ ਗਏ। ਉਹ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਕੰਮ ਕਰਦੇ, ਗਾਉਂਦੇ ਅਤੇ ਖੇਡਦੇ ਰਹੇ।

ਉਹ ਆਜ਼ਾਦੀ ਦੇ ਸਿਪਾਹੀ ਸਨ, ਆਜ਼ਾਦੀ ਤੋਂ ਬਾਅਦ ਉਹ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸੱਚੇ ਪ੍ਰਤੀਨਿਧੀ ਵਜੋਂ ਉੱਭਰ ਕੇ ਸਾਹਮਣੇ ਆਏ। ਉਨ੍ਹਾਂ ਨੇ ਭਾਰਤ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਨੌਜਵਾਨਾਂ ਨੂੰ ਅਸਲ ਆਜ਼ਾਦੀ ਦਾ ਮਤਲਬ ਸਮਝਾਇਆ।

ਮਹਾਤਮਾ ਗਾਂਧੀ ਦੇ ਹੁੰਦਿਆਂ ਉਨ੍ਹਾਂ ਗਾਂਧੀ ਜੀ ਦਾ ਸਮਰਥਨ ਕੀਤਾ। ਗਾਂਧੀ ਜੀ ਦੇ ਜਾਣ ਤੋਂ ਬਾਅਦ ਉਨ੍ਹਾਂ ਗਾਂਧੀ ਜੀ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦਾ ਬੀੜਾ ਚੁੱਕਿਆ। ਉਹ ਯਤਨਾਂ ਦੀ ਬਲਦੀ ਮਸ਼ਾਲ ਸਨ । ਜੇਕਰ ਅਸੀਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇਕ ਸ਼ਬਦ ਵਿਚ ਸਮਝਣਾ ਹੋਵੇ ਤਾਂ ਉਹ ਯੁਗਪੁਰਸ਼ ਸਨ।

ਡਾਕਟਰ ਸੁਬਾਰਾਓ ਜੀ ਨੇ ਕਦੇ ਵੀ ਆਪਣਾ ਪਹਿਰਾਵਾ ਨਹੀਂ ਬਦਲਿਆ ਹਮੇਸ਼ਾ ਹਾਫ ਪੈਂਟ ਅਤੇ ਕਮੀਜ਼ ਪਹਿਨੀ। ਸੁਬਾਰਾਓ ਜੀ ਆਪਣੇ ਅਟੁੱਟ ਵਿਸ਼ਵਾਸ, ਅਦੁੱਤੀ ਹਿੰਮਤ, ਦਲੇਰੀ, ਆਪਣੇ ਵਿਵਹਾਰ ਵਿਚ ਨਿਮਰਤਾ ਅਤੇ ਸਾਦਗੀ ਨਾਲ, ਇਸ ਦੇਸ਼ ਦੀ ਅਨਮੋਲ ਵਿਰਾਸਤ ਸਨ।

ਉਹ ਉਸ ਪੀੜ੍ਹੀ ਦੀ ਇਕ ਵਿਲੱਖਣ ਸ਼ਖਸੀਅਤ ਸਨ ਜੋ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਜਿਉਂਦੇ ਰਹੇ ਅਤੇ ਇਸ ਨਾਲ ਸਮਾਜ ਨੂੰ ਅਮੀਰ ਕਰਦੇ ਰਹੇ। ਸੁਬਾਰਾਓ ਜੀ ਦਾ ਤੁਰ ਜਾਣਾ ਇਕ ਯੁੱਗ ਦਾ ਅੰਤ ਹੈ। ਉਹ ਗਾਂਧੀਵਾਦੀ ਸਿਧਾਂਤਾਂ ‘ਤੇ ਰਹਿਣ ਵਾਲੇ ਵਿਅਕਤੀਆਂ ਦੀ ਲੜੀ ਦਾ ਪ੍ਰਤੀਕ ਸਨ।

ਉਨ੍ਹਾਂ ਦਾ ਜਨਤਕ ਜੀਵਨ ਸ਼ੁੱਧ ਕਦਰਾਂ-ਕੀਮਤਾਂ ਭਰਪੂਰ ਅਤੇ ਗੈਰ-ਰਾਜਨੀਤਕ ਸੀ। ਉਹ ਆਦਰਸ਼ ਦੇ ਸਾਹਮਣੇ ਸ਼ਕਤੀ ਨੂੰ ਘੱਟ ਕਰਨ ਜਾਂ ਸਿਧਾਂਤਾਂ ਅੱਗੇ ਝੁਕਣ, ਸਮਝੌਤਾ ਨਾ ਕਰਨ ਦੇ ਆਦਰਸ਼ ਮੁੱਲਾਂ ਤੋਂ ਪ੍ਰੇਰਿਤ ਸਨ।

ਸੁਬਾਰਾਓ ਜੀ ਨੇ ਅੱਠ ਦਹਾਕਿਆਂ ਤੱਕ ਇਕ ਸਰਗਰਮ ਜਨਤਕ ਗਾਂਧੀਵਾਦੀ ਜੀਵਨ ਬਤੀਤ ਕੀਤਾ, ਉਹਨਾਂ ਦਾ ਜੀਵਨ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੀ ਪ੍ਰੇਰਨਾਦਾਇਕ ਕਹਾਣੀ ਸੀ। ਉਹ ਹਮੇਸ਼ਾ ਦੂਜਿਆਂ ਨਾਲੋਂ ਵੱਖਰਾ ਸੋਚਦੇ ਸਨ। ਉਲਝਣ ਤੋਂ ਦੂਰ, ਜਨਤਕ ਜੀਵਨ ਵਿਚ ਬੇਦਾਗ। ਵਿਚਾਰਾਂ ਵਿਚ ਨਿਡਰ।

ਉਹ ਰੂੜੀਵਾਦੀ ਕਦਰਾਂ-ਕੀਮਤਾਂ ਨੂੰ ਤੋੜਨ ਵਾਲੇ ਸਨ। ਉਨ੍ਹਾਂ ਨੇ ਨੈਸ਼ਨਲ ਯੂਥ ਪ੍ਰੋਜੈਕਟ ਰਾਹੀਂ ਸਿਰਜਣਾਤਮਕ ਦਿਮਾਗ ਦੇ ਨੌਜਵਾਨਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਕਰਨ ਦਾ ਇਕ ਵਿਲੱਖਣ ਕੰਮ ਕੀਤਾ। ਉਨ੍ਹਾਂ ਕੋਲ ਨੌਜਵਾਨਾਂ ਨਾਲ ਕੰਮ ਕਰਨ ਦੀ ਸ਼ਾਨਦਾਰ ਪ੍ਰਤਿਭਾ ਸੀ।

ਉਹ ਇਕ ਸੱਚੇ ਸਰਵੋਦਈ ਵਰਕਰ ਬਣ ਗਏ, ਹਜ਼ਾਰਾਂ-ਲੱਖਾਂ ਨੌਜਵਾਨਾਂ ਤੱਕ ਪਹੁੰਚੇ ਅਤੇ ਉਹਨਾਂ ਨਾਲ ਉਹਨਾਂ ਦੀ ਭਾਸ਼ਾ, ਉਹਨਾਂ ਦੇ ਸੱਭਿਆਚਾਰ, ਉਹਨਾਂ ਦੀ ਬੋਲਚਾਲ ਵਿਚ ਸੰਵਾਦ ਸਥਾਪਿਤ ਕੀਤਾ। ਸੁਬਾਰਾਓ ਜੀ ਵਿਚਾਰਧਾਰਕ ਕ੍ਰਾਂਤੀ ਦੇ ਨਾਲ-ਨਾਲ ਸਮਾਜਿਕ ਕ੍ਰਾਂਤੀ ਦੇ ਮੋਢੀ ਸਨ।

ਉਨ੍ਹਾਂ ਦੇ ਕ੍ਰਾਂਤੀਕਾਰੀ ਜੀਵਨ ਦੀ ਸ਼ੁਰੂਆਤ ਮਹਿਜ਼ 13 ਸਾਲ ਦੀ ਉਮਰ ਵਿਚ ਸ਼ੁਰੂ ਹੋ ਗਈ ਸੀ, ਜਦੋਂ ਗਾਂਧੀ ਜੀ ਨੇ 1942 ਵਿਚ ਬ੍ਰਿਟਿਸ਼ ਸਰਕਾਰ ਨੂੰ ‘ਭਾਰਤ ਛੱਡੋ’ ਦਾ ਹੁਕਮ ਦਿੱਤਾ ਸੀ। ਕਰਨਾਟਕ ਦੇ ਬੰਗਲੌਰ ਦੇ ਇਕ ਸਕੂਲ ਵਿਚ ਪੜ੍ਹਦੇ 13 ਸਾਲਾਂ ਦੇ ਸੁਬਾਰਾਓ ਨੂੰ ਜਦੋਂ ਹੋਰ ਕੁਝ ਸਮਝ ਨਹੀਂ ਆਇਆ ਤਾਂ ਉਨ੍ਹਾਂ ਨੇ ਆਪਣੇ ਸਕੂਲ ਅਤੇ ਕਸਬੇ ਦੀਆਂ ਕੰਧਾਂ ‘ਤੇ ਵੱਡੇ-ਵੱਡੇ ਅੱਖਰਾਂ ਵਿਚ ਲਿਖ ਦਿੱਤਾ- ਅੰਗਰੇਜ਼ੋ ਭਾਰਤ ਛੱਡੋ-ਭਾਰਤ ਛੱਡੋ।

ਸੁਬਾਰਾਓ ਜੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਛੋਟੀ ਉਮਰ ਨੂੰ ਦੇਖਦੇ ਹੋਏ ਰਿਹਾਅ ਕਰ ਦਿੱਤਾ ਗਿਆ। ਉਦੋਂ ਤੱਕ ਸੁਬਾਰਾਓ ਜੀ ਨੂੰ ਆਜ਼ਾਦੀ ਲੈਣ ਦੀ ਚਿਣਗ ਲੱਗ ਚੁੱਕੀ ਸੀ, ਉਨ੍ਹਾਂ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਹਿੱਸਾ ਲਿਆ।

ਸੁਬਾਰਾਓ ਜੀ ਦੀ ਸੋਚ ਸ਼ੁਰੂ ਤੋਂ ਹੀ ਵਿਲੱਖਣ ਸੀ। 1969 ਵਿਚ ਗਾਂਧੀ ਸ਼ਤਾਬਦੀ ਸਾਲ ਮਨਾਉਣ ਦਾ ਸੁਬਾਰਾਓ ਜੀ ਦਾ ਵਿਚਾਰ ਵੀ ਵਿਲੱਖਣ ਸੀ। ਉਨ੍ਹਾਂ ਨੇ ਸਰਕਾਰ ਦੇ ਸਹਿਯੋਗ ਨਾਲ ਦੋ ਰੇਲ ਗੱਡੀਆਂ ਜਿਨ੍ਹਾਂ ਦਾ ਨਾਂਅ ਗਾਂਧੀ-ਦਰਸ਼ਨ ਰੇਲ ਗੱਡੀਆਂ ਰੱਖਿਆ ਗਿਆ ਸੀ ਰਾਹੀਂ ਦੇਸ਼ ਭਰ ਦਾ ਸਫ਼ਰ ਕੀਤਾ ਅਤੇ ਲੋਕਾਂ ਨੂੰ ਦਰਸ਼ਨ ਕਰਵਾਉਣ ਦਾ ਬੀੜਾ ਚੁੱਕਿਆ।

ਸਾਲ ਭਰ ਇਹ ਰੇਲ ਗੱਡੀਆਂ ਛੋਟੇ ਸਟੇਸ਼ਨਾਂ ‘ਤੇ ਪਹੁੰਚੀਆਂ ਅਤੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਤੇ ਆਮ ਲੋਕ ਮਹਾਤਮਾ ਗਾਂਧੀ ਦੇ ਫਲਸਫੇ ਅਤੇ ਜੀਵਨ ਨੂੰ ਸਮਝਦੇ ਰਹੇ। ਇਹ ਇਕ ਬਹੁਤ ਵੱਡੀ ਮੁਹਿੰਮ ਸੀ, ਜਿਸ ਵਿਚ ਨੌਜਵਾਨਾਂ ਨਾਲ ਸਿੱਧਾ ਸੰਪਰਕ ਸੀ।

ਸੁਬਾਰਾਓ ਜੀ ਨੇ ਚੰਬਲ ਘਾਟੀ ਵਿਚ ਜੋ ਕੰਮ ਕੀਤਾ, ਉਹ ਅਸੰਭਵ ਸੀ। ਸਰਕਾਰ ਕਰੋੜਾਂ ਰੁਪਏ ਖਰਚ ਕੇ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰਨ ਦੇ ਬਾਵਜੂਦ ਬਹੁਤਾ ਕੁਝ ਹਾਸਲ ਨਹੀਂ ਕਰ ਸਕੀ। ਫਿਰ ਕਿਧਰੇ ਤੋਂ ਇਕ ਲਹਿਰ ਉੱਠੀ ਅਤੇ ਡਾਕੂਆਂ ਦੇ ਇਕ ਸਮੂਹ ਨੇ ਆਪਣੀਆਂ ਬੰਦੂਕਾਂ ਗਾਂਧੀ ਜੀ ਦੀ ਪ੍ਰਤਿਮਾ ਦੇ ਸਾਹਮਣੇ ਰੱਖ ਦਿੱਤੀਆਂ ਅਤੇ ਕਿਹਾ – ਅਸੀਂ ਆਪਣੇ ਕੀਤੇ ਦਾ ਪਸ਼ਚਾਤਾਪ ਕਰਦੇ ਹਾਂ ਅਤੇ ਮੁੱਖਧਾਰਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਾਂ !

ਇਹ ਡਾਕੂਆਂ ਦੀ ਅਜਿਹੀ ਸਮਰਪਣ ਭਾਵਨਾ ਸੀ, ਜਿਸ ਨੇ ਦੇਸ਼ ਅਤੇ ਦੁਨੀਆ ਦੇ ਸਮਾਜ ਵਿਗਿਆਨੀਆਂ ਨੂੰ ਕੁਝ ਨਵਾਂ ਦੇਖਣ ਅਤੇ ਸਮਝਣ ਲਈ ਮਜਬੂਰ ਕਰ ਦਿੱਤਾ। ਸੁਬਾਰਾਓ ਜੀ ਨੇ ਡਾਕੂਆਂ ਦੇ ਆਤਮ ਸਮਰਪਣ ਦੇ ਇਸ ਸ਼ਾਨਦਾਰ ਕਾਰਜ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ।

ਇਹ ਅਹਿੰਸਾ ਦੀ ਕਮਾਲ ਦੀ ਵਰਤੋਂ ਸੀ। ਸੁਬਾਰਾਓ ਜੀ ਦੀ ਮਹਾਨ ਅਤੇ ਊਰਜਾਵਾਨ ਸ਼ਖ਼ਸੀਅਤ ਨੂੰ ਸਮਾਜ ਸੁਧਾਰਕ ਦੇ ਸੀਮਤ ਘੇਰੇ ਵਿਚ ਬੰਨ੍ਹਣਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸੀਮਤ ਕਰਨ ਦਾ ਯਤਨ ਹੋਵੇਗਾ। ਉਨ੍ਹਾਂ ਨੂੰ ਨਵੇਂ ਸਮਾਜ ਦਾ ਨਿਰਮਾਤਾ ਕਿਹਾ ਜਾ ਸਕਦਾ ਹੈ। ਉਨ੍ਹਾਂ ਵਰਗੇ ਲੋਕ ਦੁਰਲੱਭ ਅਤੇ ਵਿਲੱਖਣ ਹਨ।

ਉਨ੍ਹਾਂ ਦੀ ਡੂੰਘੀ ਸੋਚ ਸਮਾਜ ਦੇ ਆਧਾਰ ‘ਤੇ ਨਹੀਂ ਹੁੰਦੀ, ਸਗੋਂ ਸਮਾਜ ਉਨ੍ਹਾਂ ਦੀ ਸੋਚ ਵਿਚ ਹੀ ਲੱਭਦਾ ਹੈ। ਉਨ੍ਹਾਂ ਨੇ ਸਾਹਿਤ ਅਤੇ ਗੀਤਾਂ ਰਾਹੀਂ ਸਿਹਤਮੰਦ ਅਤੇ ਗਾਂਧੀਵਾਦੀ ਕਦਰਾਂ-ਕੀਮਤਾਂ ਦੀ ਸਥਾਪਨਾ ਕਰਕੇ ਸਮਾਜ ਨੂੰ ਜੀਵਤ ਅਤੇ ਸਸ਼ਕਤ ਬਣਾਉਣ ਦਾ ਕੰਮ ਕੀਤਾ।

ਸਮਾਜ-ਨਿਰਮਾਣ ਦੇ ਕਿੰਨੇ ਹੀ ਨਵੇਂ ਵਿਚਾਰ ਉਨ੍ਹਾਂ ਦੇ ਮਨ ਵਿਚ ਗੂੰਜਦੇ ਰਹੇ, ਉਸ ਦਾ ਨਤੀਜਾ ਚੰਬਲ ਘਾਟੀ ਦੇ ਡਾਕੂਆਂ ਦਾ ਸਮਰਪਣ ਸੀ। ਸੁਬਾਰਾਓ ਜੀ ਨੇ ਚੰਬਲ ਘਾਟੀ ਦੇ ਖੇਤਰ ਜੌਰਾ ਵਿਚ ਗਾਂਧੀ ਸੇਵਾ ਆਸ਼ਰਮ ਦੀ ਸਥਾਪਨਾ ਕੀਤੀ, ਇਹੋ ਹੀ ਡਾਕੂਆਂ ਦੇ ਆਤਮ-ਸਮਰਪਣ ਦਾ ਕੇਂਦਰ ਸੀ। ਉਨ੍ਹਾਂ ਨਮਿਤ 9 ਨਵੰਬਰ ਨੂੰ ਪੂਰੇ ਭਾਰਤ ਵਿਚ ਵੱਖ-ਵੱਖ ਥਾਵਾਂ ‘ਤੇ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ।

-ਬਲਵੰਤ ਸਿੰਘ ਰੁਪਾਲ