ਜਲੰਧਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 173220 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 172807 ਮੀਟ੍ਰਿਕ ਟਨ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਜਦਕਿ ਝੋਨੇ ਦੀ ਖ਼ਰੀਦ ਲਈ ਹੁਣ ਤੱਕ 257.15 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਮੰਡੀਆਂ ਵਿਚ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਮੰਡੀਆਂ ਵਿਚ ਫ਼ਸਲ ਦੀ ਲਿਫ਼ਟਿੰਗ ਨੂੰ ਨਾਲੋ-ਨਾਲ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ। ਜ਼ਿਲ੍ਹੇ ਦੀਆਂ ਮੰਡੀਆਂ ਵਿਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਖ਼ਰੀਦ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ 64225 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 42678 ਮੀਟ੍ਰਿਕ ਟਨ, ਪਨਸਪ ਵੱਲੋਂ 48226 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 17595 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 83 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ 257.15 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ਵਿਚ ਫ਼ਸਲ ਸੁਕਾ ਕੇ ਲੈ ਕੇ ਆਉਣ ਦੀ ਅਪੀਲ ਵੀ ਕੀਤੀ। ਮੰਡੀਆਂ ਵਿਚ ਵਿਕਰੀ ਲਈ ਆਪਣੀ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਵੱਲੋਂ ਸੁਚੱਜੇ ਖ਼ਰੀਦ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਨਾਜ ਮੰਡੀ ਗਿੱਦੜਪਿੰਡੀ ਵਿਚ ਆਪਣੀ ਫ਼ਸਲ ਲੈ ਕੇ ਆਏ ਕਿਸਾਨ ਗੁਰਵੰਤ ਸਿੰਘ ਪਿੰਡ ਚਿਨਣਵਿੰਡੀ ਨੇ ਮੰਡੀਆਂ ਵਿਚ ਕੀਤੇ ਸੁਚੱਜੇ ਖ਼ਰੀਦ ਪ੍ਰਬੰਧਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੰਡੀ ਵਿਚ ਬਿਲਕੁਲ ਸੁੱਕੀ ਫ਼ਸਲ ਲੈ ਕੇ ਆਇਆ ਸੀ, ਜਿਸ ਦੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਾਲੋ-ਨਾਲ ਖ਼ਰੀਦ ਕਰ ਲਈ ਗਈ।
ਪਿੰਡ ਤਲਵਾਂ ਦਾ ਗੁਰਕਰਨ ਸਿੰਘ, ਜੋ ਕਿ ਬਿਲਗਾ ਮੰਡੀ ਵਿਚ ਆਪਣਾ ਝੋਨਾ ਲੈ ਕੇ ਆਇਆ ਸੀ, ਨੇ ਮੰਡੀ ਵਿਚ ਚੱਲ ਰਹੀ ਖ਼ਰੀਦ ਪ੍ਰਕਿਰਿਆ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ ਫਿਲੌਰ ਮੰਡੀ ਵਿਚ ਫ਼ਸਲ ਲੈ ਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਵੇਰੇ ਹੀ ਮੰਡੀ ਵਿਚ ਝੋਨਾ ਲੈ ਕੇ ਆਇਆ ਸੀ, ਜਿਸ ਦੀ ਹੱਥੋ-ਹੱਥ ਖ਼ਰੀਦ ਕਰ ਲਈ ਗਈ, ਜਿਸ ਕਰਕੇ ਉਹ ਬਹੁਤ ਖੁਸ਼ ਹੈ।
ਟੀਵੀ ਪੰਜਾਬ ਬਿਊਰੋ