ਆਧਾਰ-ਪੈਨ ਨੂੰ ਲਿੰਕ ਕਰਨ ਦੀ ਆਖ਼ਰੀ ਤਰੀਕ ਵਧਾਈ ਗਈ, ਸਰਕਾਰ ਨੇ ਸਿਰਫ਼ ਕੁਝ ਦਿਨਾਂ ਦਾ ਦਿੱਤਾ ਹੈ ਸਮਾਂ

ਨਵੀਂ ਦਿੱਲੀ: ਪੈਨ ਕਾਰਡ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ ਤੋਂ ਵਧਾ ਕੇ 30 ਜੂਨ 2023 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਪੈਨ-ਆਧਾਰ ਲਿੰਕਿੰਗ ਦੀ ਆਖਰੀ ਤਰੀਕ ਦੋ ਵਾਰ ਵਧਾਈ ਜਾ ਚੁੱਕੀ ਹੈ। ਸਭ ਤੋਂ ਪਹਿਲਾਂ, ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ 2022 ਸੀ। ਪਹਿਲੀ ਵਾਰ ਇਸ ਨੂੰ 30 ਜੂਨ 2022 ਤੱਕ ਵਧਾਇਆ ਗਿਆ ਸੀ। ਇਸ ਤੋਂ ਬਾਅਦ, ਸਮਾਂ ਸੀਮਾ ਫਿਰ ਵਧਾ ਕੇ 31 ਮਾਰਚ 2023 ਕਰ ਦਿੱਤੀ ਗਈ।

ਪਹਿਲੀ ਵਾਰ ਜਦੋਂ ਆਖਰੀ ਤਰੀਕ ਵਧਾਈ ਗਈ ਤਾਂ 500 ਰੁਪਏ ਜੁਰਮਾਨਾ ਲਗਾਇਆ ਗਿਆ। ਅਗਲੀ ਵਾਰ ਇਸ ਨੂੰ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ। ਇਸ ਵਾਰ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਹੁਣ ਆਧਾਰ ਨੂੰ ਪੈਨ ਨਾਲ ਲਿੰਕ ਕਰਨ ‘ਤੇ ਕਿੰਨਾ ਜੁਰਮਾਨਾ ਲਗਾਇਆ ਜਾਵੇਗਾ। ਸਰਕਾਰੀ ਹੁਕਮਾਂ ਅਨੁਸਾਰ, 1 ਜੁਲਾਈ, 2017 ਤੋਂ ਪਹਿਲਾਂ ਬਣੇ ਸਾਰੇ ਪੈਨ ਕਾਰਡਾਂ ਨੂੰ ਆਮਦਨ ਕਰ ਕਾਨੂੰਨ ਦੀ ਧਾਰਾ 139AA ਦੇ ਤਹਿਤ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਪਿਛਲੇ ਸਾਲ ਜੁਲਾਈ ਵਿੱਚ ਸਰਕਾਰ ਨੇ ਸੰਸਦ ਵਿੱਚ ਦੱਸਿਆ ਸੀ ਕਿ 46,70,66,691 ਲੋਕਾਂ ਨੇ ਆਧਾਰ ਨੂੰ ਪੈਨ ਨਾਲ ਜੋੜਿਆ ਹੈ। ਹਾਲਾਂਕਿ, ਦੇਸ਼ ਵਿੱਚ ਕੁੱਲ 61,73,16,313 ਲੋਕਾਂ ਨੂੰ ਪੈਨ ਕਾਰਡ ਜਾਰੀ ਕੀਤਾ ਗਿਆ ਹੈ।

ਪੈਨ-ਆਧਾਰ ਨੂੰ ਕਿਉਂ ਲਿੰਕ ਕਰਨਾ ਹੈ
ਸਰਕਾਰ ਚਾਹੁੰਦੀ ਹੈ ਕਿ ਹਰ ਪੈਨ ਕਾਰਡ ਨੂੰ ਇਕ ਯੂਨੀਕ ਨੰਬਰ ਨਾਲ ਲਿੰਕ ਕੀਤਾ ਜਾਵੇ। ਇਹ ਆਧਾਰ ਨਾਲ ਲਿੰਕ ਹੋਣ ਤੋਂ ਬਾਅਦ ਹੀ ਸੰਭਵ ਹੋ ਸਕਦਾ ਹੈ। ਇਸ ਪਿੱਛੇ ਮਕਸਦ ਟੈਕਸ ਧਾਂਦਲੀ ਨੂੰ ਘੱਟ ਕਰਨਾ ਹੈ। ਅਕਸਰ ਲੋਕ ਡੁਪਲੀਕੇਟ ਪੈਨ ਕਾਰਡ ਰਾਹੀਂ ਟੈਕਸ ਚੋਰੀ ਕਰਦੇ ਹਨ। ਆਧਾਰ ਨਾਲ ਲਿੰਕ ਕਰਨ ਤੋਂ ਬਾਅਦ ਅਜਿਹਾ ਕਰਨਾ ਲਗਭਗ ਅਸੰਭਵ ਹੋ ਜਾਵੇਗਾ।

ਪੈਨ ਨੂੰ ਆਧਾਰ ਨਾਲ ਕਿਵੇਂ ਲਿੰਕ ਕਰਨਾ ਹੈ

ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ ‘ਤੇ ਜਾਓ।
ਇਸ ਤੋਂ ਬਾਅਦ ‘ਲਿੰਕ ਆਧਾਰ’ ‘ਤੇ ਕਲਿੱਕ ਕਰੋ।
ਇੱਥੇ ਤੁਹਾਨੂੰ ਲਾਗਇਨ ਕਰਨ ਲਈ ਕਿਹਾ ਜਾਵੇਗਾ।
ਪੈਨ ਨੰਬਰ ਅਤੇ ਯੂਜ਼ਰ ਆਈਡੀ ਦੇ ਨਾਲ ਆਪਣੀ ਜਨਮ ਮਿਤੀ ਦਰਜ ਕਰੋ।
ਆਧਾਰ ਕਾਰਡ ‘ਤੇ ਜਨਮ ਮਿਤੀ ਦਰਜ ਕਰੋ।
ਇਸ ਤੋਂ ਬਾਅਦ ਆਪਣੇ ਖਾਤੇ ਦੀ ਪ੍ਰੋਫਾਈਲ ਸੈਟਿੰਗ ‘ਤੇ ਜਾਓ।
ਇੱਥੇ ਆਧਾਰ ਕਾਰਡ ਲਿੰਕ ਦਾ ਵਿਕਲਪ ਦਿਖਾਈ ਦੇਵੇਗਾ, ਉਸ ‘ਤੇ ਕਲਿੱਕ ਕਰੋ।
ਹੁਣ ਆਧਾਰ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ।
ਤੁਸੀਂ ਹੇਠਾਂ ਆਧਾਰ ਲਿੰਕ ਦਾ ਵਿਕਲਪ ਦੇਖੋਗੇ। ਇਸ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡਾ ਪੈਨ ਕਾਰਡ ਆਧਾਰ ਨਾਲ ਲਿੰਕ ਹੋ ਜਾਵੇਗਾ।