ਜਲੰਧਰ : ਇੱਥੇ ਕਟੌਚ ਸਟੇਡੀਅਮ ਵਿਖੇ ਉਸ ਵੇਲੇ ਸ਼ਾਨਦਾਰ ਖੇਡ ਭਾਵਨਾ ਵੇਖਣ ਨੂੰ ਮਿਲੀ ਜਦੋਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਗੋਲਕੀਪਰ ਦੀ ਭੂਮਿਕਾ ਨਿਭਾਈ।
ਫਾਈਨਲ ਮੈਚ ਦੌਰਾਨ ਮੁੱਖ ਮੰਤਰੀ, ਜੋ ਖੁਦ ਯੂਨੀਵਰਸਿਟੀ ਪੱਧਰ `ਤੇ ਹੈਂਡਬਾਲ ਖੇਡ ਚੁੱਕੇ ਹਨ, ਨੂੰ ਮੰਚ ਸੰਚਾਲਕ ਵੱਲੋਂ ਹਾਕੀ ਵਿਚ ਵੀ ਹੱਥ ਅਜ਼ਮਾਉਣ ਦੀ ਅਪੀਲ ਕੀਤੀ ਗਈ।
ਮੁੱਖ ਮੰਤਰੀ ਨੇ ਵੀ ਉਨ੍ਹਾਂ ਦੀ ਅਪੀਲ ਦਾ ਹੁੰਗਾਰਾ ਭਰਦਿਆਂ ਦੇਰ ਨਾ ਕੀਤੀ ਅਤੇ ਗੋਲ ਰੋਕਣ ਲਈ ਗੋਲਕੀਪਰ ਦੀ ਵਰਦੀ ਪਾ ਮੈਦਾਨ ਵਿਚ ਜਾ ਡਟੇ। ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਸਾਬਕਾ ਉਲੰਪੀਅਨ ਪਰਗਟ ਸਿੰਘ ਨੇ ਵੀ ਆਪਣੇ ਆਗੂ ਨਾਲ ਖੇਡ ਕਲਾ ਦਿਖਾਉਣ ਲਈ ਸਟਿੱਕ ਹੱਥ ਵਿਚ ਫੜ ਲਈ।
ਜਦੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਮੈਦਾਨ ਵਿਚ ਨਿੱਤਰੇ ਅਤੇ ਹਾਕੀ ਦੇ ਮੈਦਾਨ ਵਿਚ ਸ਼ਾਨਦਾਰ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਤਾਂ ਪੂਰੇ ਸਟੇਡੀਅਮ ਨੇ ਤਾੜੀਆਂ ਮਾਰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ।
ਗੋਲਕੀਪਰ ਵਜੋਂ ਮੁੱਖ ਮੰਤਰੀ ਚੰਨੀ ਨੇ ਪਰਗਟ ਸਿੰਘ ਦੁਆਰਾ ਮਾਰੀਆਂ ਕੁੱਲ ਪੰਜ ਹਿੱਟਾਂ ਵਿਚੋਂ ਤਿੰਨ ਦਾ ਸ਼ਾਨਦਾਰ ਬਚਾਅ ਕੀਤਾ। ਉਨ੍ਹਾਂ ਨੇ ਹਾਲ ਹੀ ਵਿਚ ਸਮਾਪਤ ਹੋਈਆਂ ਟੋਕੀਓ ਉਲੰਪਿਕ ਵਿਚ ਤਗਮੇ ਜਿੱਤਣ ਵਾਲੇ ਉਲੰਪੀਅਨਾਂ ਦੁਆਰਾ ਮਾਰੀਆਂ ਹਿੱਟਾਂ ਨੂੰ ਰੋਕ ਕੇ ਵੀ ਗੋਲ ਹੋਣ ਤੋਂ ਬਚਾਅ ਕੀਤਾ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਇਕ ਖ਼ਾਸ ਦਿਨ ਹੈ ਕਿਉਂਕਿ ਉਨ੍ਹਾਂ ਦੀ ਖੇਡ ਜੀਵਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਹੀ ਇਕ ਅਜਿਹਾ ਜ਼ਰੀਆ ਹਨ ਜਿਸ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਪਾਸੇ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਪੰਜਾਬ ਦੇ ਖਿਡਾਰੀ ਖੇਡਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿਚ ਆਪਣੇ ਹੁਨਰ ਦਾ ਲੋਹਾ ਮਨਵਾਉਣ। ਇਸ ਦੌਰਾਨ ਮੁੱਖ ਮੰਤਰੀ ਨੇ ਖੇਡ ਮੈਦਾਨ ਵਿਚ ਬੱਚਿਆਂ ਨਾਲ ਵੀ ਖਾਸ ਪਲ ਬਿਤਾਏ ਅਤੇ ਕਿਹਾ ਕਿ ਇਹਨਾਂ ਦੇ ਖਿੜੇ ਹੋਏ ਚਿਹਰੇ ਮੇਰੇ ਲਈ ਪ੍ਰੇਰਨਾ ਦਾ ਸਰੋਤ ਹਨ।
ਟੀਵੀ ਪੰਜਾਬ ਬਿਊਰੋ