ਟੀ-20 ਵਿਸ਼ਵ ਕੱਪ 2024 ਦੀ ਜੇਤੂ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ਫਾਈਨਲ ਹਾਰਨ ਵਾਲੀ ਟੀਮ ਵੀ ਹੋਵੇਗੀ ਮਾਲਾਮਾਲ, ਦੇਖੋ ਇਨਾਮੀ ਰਾਸ਼ੀ ਦੀ ਸੂਚੀ

IND vs SA, T20 World Cup 2024 final prize money: ICC T20 ਵਿਸ਼ਵ ਕੱਪ 2024 ਦਾ ਫਾਈਨਲ ਮੈਚ ਅੱਜ ਯਾਨੀ ਸ਼ਨੀਵਾਰ, 29 ਜੂਨ ਨੂੰ ਸਾਬਕਾ ਚੈਂਪੀਅਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਖਿਤਾਬੀ ਮੁਕਾਬਲਾ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ। ਭਾਰਤ ਨੇ ਸੈਮੀਫਾਈਨਲ ‘ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ, ਜਦਕਿ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਇਕਤਰਫਾ ਅੰਦਾਜ਼ ‘ਚ 9 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕੀਤਾ। 2007 ਦੀ ਜੇਤੂ ਭਾਰਤ ਕੋਲ ਦੂਜਾ ਟੀ-20 ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ ਜਦਕਿ ਅਫਰੀਕੀ ਟੀਮ ਇਤਿਹਾਸ ਰਚਣਾ ਚਾਹੇਗੀ। ਟੀ-20 ਵਿਸ਼ਵ ਕੱਪ 2024 ਲਈ ਇਨਾਮੀ ਰਾਸ਼ੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਵਾਰ ਆਈਸੀਸੀ ਨੇ ਜੇਤੂ ਟੀਮ ਲਈ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ।

T20 ਵਿਸ਼ਵ ਕੱਪ 2024 ਦੀ ਜੇਤੂ ਟੀਮ ਨੂੰ ਕਿੰਨੇ ਕਰੋੜ ਰੁਪਏ ਮਿਲਣਗੇ?

ਇਸ ਵਾਰ ਆਈਸੀਸੀ ਨੇ ਟੀ-20 ਵਿਸ਼ਵ ਕੱਪ 2024 ਲਈ 11.25 ਮਿਲੀਅਨ ਡਾਲਰ ਯਾਨੀ ਲਗਭਗ 93.80 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਹੈ। ਇਸ ਵਾਰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਵਿਸ਼ਵ ਕੱਪ 2024 ਦੀ ਜੇਤੂ ਟੀਮ ਨੂੰ 2.45 ਮਿਲੀਅਨ ਡਾਲਰ ਯਾਨੀ ਲਗਭਗ 20.36 ਕਰੋੜ ਰੁਪਏ ਮਿਲਣਗੇ। ਇਸ ਤੋਂ ਇਲਾਵਾ ਫਾਈਨਲ ਵਿਚ ਹਾਰਨ ਵਾਲੀ ਟੀਮ ਵੀ ਅਮੀਰ ਹੋ ਜਾਵੇਗੀ। ਆਈਸੀਸੀ ਦੀ ਘੋਸ਼ਣਾ ਦੇ ਅਨੁਸਾਰ, ਉਪ ਜੇਤੂ ਟੀਮ ਨੂੰ 1.28 ਮਿਲੀਅਨ ਡਾਲਰ ਯਾਨੀ ਲਗਭਗ 10.67 ਕਰੋੜ ਰੁਪਏ ਦਿੱਤੇ ਜਾਣਗੇ।

ਕ੍ਰਿਕਟ ਦੀ ਸਿਖਰਲੀ ਸੰਸਥਾ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਦੋਵੇਂ ਟੀਮਾਂ – ਇੰਗਲੈਂਡ ਅਤੇ ਅਫਗਾਨਿਸਤਾਨ – ਨੂੰ 7,87,500 ਡਾਲਰ ਯਾਨੀ ਲਗਭਗ 6.5 ਕਰੋੜ ਰੁਪਏ ਦਿੱਤੇ ਜਾਣਗੇ। ਇਨ੍ਹਾਂ ਚਾਰ ਟੀਮਾਂ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਨੂੰ ਸੁਪਰ-8 ਵਿਚ 3.17 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਇਸ ਵਾਰ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਹੋਏ ਟੀ-20 ਵਿਸ਼ਵ ਕੱਪ ਦੇ 9ਵੇਂ ਐਡੀਸ਼ਨ ਵਿੱਚ 20 ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ 9ਵੇਂ ਤੋਂ 12ਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਲਗਭਗ 2.07 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ, ਜਦਕਿ 13ਵੇਂ ਤੋਂ 20ਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ 1.87 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।