ਲੁਧਿਆਣਾ- ਪੰਜਾਬ ਚ ਕਲਾਕਾਰ ਹੋਣ ਜਾਂ ਨੇਤਾ , ਗਾਇਕ ਸਿੱਧੂ ਮੂਸੇਵਾਲਾ ਦੀ ਮੋਤ ਤੋਂ ਬਾਅਦ ਹਰ ਕੋਈ ਖੌਫ ਚ ਹੈ । ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਮੰਗਲਵਾਰ ਸਵੇਰੇ 9:30 ਵਜੇ ਬਿੱਟੂ ਦੇ ਨਿੱਜੀ ਨੰਬਰ ‘ਤੇ ਵ੍ਹਟਸਐਪ ਕਾਲ ਆਈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਬਿੱਟੂ ਵੱਲੋਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਨਿੱਜੀ ਸਹਾਇਕ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਰਵਨੀਤ ਸਿੰਘ ਬਿੱਟੂ ਨੂੰ ਇਹ ਕਾਲ ਵਿਦੇਸ਼ੀ ਨੰਬਰ ਤੋਂ ਆਈ ਹੈ, ਉਸ ਨੂੰ ਇਹ ਕਹਿ ਕੇ ਧਮਕੀ ਦਿੱਤੀ ਗਈ ਹੈ ਕਿ ਉਹ ਵੱਖ-ਵੱਖ ਪਲੇਟਫਾਰਮਾਂ ‘ਤੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਖਿਲਾਫ ਬਿਆਨ ਦਿੰਦਾ ਹੈ ਅਤੇ ਇਸ ਲਈ ਅਗਲਾ ਨੰਬਰ ਉਸ ਦਾ ਹੀ ਹੋਣਾ ਹੈ। ਰਵਨੀਤ ਸਿੰਘ ਬਿੱਟੂ ਭਾਰਤ ‘ਚ ਨਹੀਂ ਹਨ, ਉਹ ਵਿਦੇਸ਼ ਦੌਰੇ ‘ਤੇ ਗਏ ਹੋਏ ਹਨ। ਧਮਕਾਉਣ ਵਾਲੇ ਵਿਅਕਤੀ ਨੇ ਇਕ ਗਰੁੱਪ ਕਾਲ ਕੀਤੀ ਸੀ ।
ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਦੇ ਦਾਦਾ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਚੰਡੀਗੜ੍ਹ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਏ ਸਨ। ਉਦੋਂ ਤੋਂ ਉਨ੍ਹਾਂ ਨੂੰ ਕੇਂਦਰੀ ਸੁਰੱਖਿਆ ਬਲ ਵੱਲੋਂ ਲਗਾਤਾਰ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਗਾਤਾਰ ਸਰਗਰਮ ਹੋ ਗਏ ਹਨ ਅਤੇ ਕਈ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।