ਡੈਸਕ- ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਹੋਬੋਕੇਨ ਸਿਟੀ ਦੇ ਭਾਰਤੀ ਮੂਲ ਦੇ ਸਿੱਖ ਮੇਅਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਕਈ ਧਮਕੀ ਪੱਤਰ ਮਿਲੇ ਸਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਪਿਛਲੇ ਵਰ੍ਹੇ ਰਵੀ ਭੱਲਾ ਨੂੰ ਜੋ ਪੱਤਰ ਮਿਲੇ, ਉਨ੍ਹਾਂ ਵਿੱਚ ਪਹਿਲਾਂ ਭੱਲਾ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਪਰ ਫਿਰ ਸਿੱਖ ਧਰਮ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਪਰਿਵਾਰ ਸਣੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਰਵੀ ਭੱਲਾ ਨੇ ਇਕ ਇੰਟਰਵਿਊ ’ਚ ਇਹ ਵੀ ਆਖਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਮਜ਼ਬੂਤੀ ਨਾਲ ਡਟੇ ਹਨ ਅਤੇ ਉਨ੍ਹਾਂ ਦੇ ਸ਼ਹਿਰ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਰਵੀ ਭੱਲਾ, ਜਿਹੜੇ ਕਿ ਪਹਿਲੀ ਵਾਰ 2017 ’ਚ ਹੋਬੋਕੇਨ ਦੇ ਮੇਅਰ ਚੁਣੇ ਗਏ ਸਨ, ਨੇ ਕਿਹਾ, ‘‘ਮੈਨੂੰ ਸਿੱਖ ਪਿਛੋਕੜ ਵਾਲੇ ਅਮਰੀਕੀ ਵਜੋਂ ਇਸ ਸ਼ਹਿਰ ਦਾ ਅਗਵਾਈ ਕਰਨ ਦਾ ਮਾਣ ਹੈ।’’ਉਹ 2021 ’ਚ ਫਿਰ ਨਿਰਵਿਰੋਧ ਮੇਅਰ ਚੁਣੇ ਗਏ ਸਨ। ਭੱਲਾ ਨੇ ਕਿਹਾ ਕਿ ਹਮੇਸ਼ਾ ਮਾਣ ਨਾਲ ਦਸਤਾਰ ਸਜਾਉਣ ਵਾਲੇ ਵਿਅਕਤੀ ਨੂੰ ਧਮਕੀ ਭਰੇ ਪੱਤਰਾਂ ਨਾਲ ਨਿਸ਼ਾਨਾ ਬਣਾਇਆ ਗਿਆ। ਸਾਡੇ ਪਰਿਵਾਰ ਨੂੰ ਈਮੇਲ ਰਾਹੀਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ।