ਮਾਨਸਾ – ਮਾਨਸਾ ਪੁਲਿਸ ਵੱਲੋਂ ਮੂਸੇਵਾਲਾ ਦੀ ਕੋਠੀ ਅੱਗੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਹੈ। ਪਿੰਡ ਵਿਚ ਵੱਖ-ਵੱਖ ਥਾਵਾਂ ਦੀ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ 150 ਦੇ ਲਗਭਗ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪਿੰਡ ਮੂਸਾ ਅੰਦਰ ਆਉਣ-ਜਾਣ ਵਾਲੇ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਚਾਰੋਂ ਪਾਸੇ ਕੈਮਰੇ ਲਗਾ ਦਿੱਤੇ ਗਏ ਹਨ ਤੇ 24 ਘੰਟੇ ਉਨ੍ਹਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਘਰ ਦੇ ਬਾਹਰ ਐਲ ਐਮ ਜੀ ਸਮੇਤ ਭਾਰੀ ਫੋਰਸ ਬਲ ਲਗਾਇਆ ਗਿਆ ਹੈ ਤੇ ਮਾਨਸਾ ਪੁਲਿਸ ਨੂੰ ਖਬਰ ਮਿਲੀ ਹੈ ਕਿ ਮੂਸੇਵਾਲਾ ਦੇ ਪਰਿਵਾਰ ‘ਤੇ ਹਮਲਾ ਕੀਤਾ ਜਾ ਸਕਦਾ ਹੈ। ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਮਾਨਸਾ ਪੁਲਿਸ ਵੱਲੋਂ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਪੂਰਾ ਪਿੰਡ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅੱਜ ਮਾਨਸਾ ਪੁਲਿਸ ਵੱਲੋਂ ਅਦਾਲਤ ਵਿਚ ਦੂਜੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ ਜਿਸ ਵਿੱਚ 7 ਵਿਅਕਤੀਆਂ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਲ ਪੰਡਿਤ, ਬਿੱਟੂ, ਮਨਪ੍ਰੀਤ ਤੂਫ਼ਾਨ, ਮਨੀ ਰਈਆ ਅਤੇ ਜਗਤਾਰ ਸਿੰਘ ਮੂਸੇ ਦਾ ਚਲਾਨ ਪੇਸ਼ ਕੀਤਾ ਗਿਆ ਹੈ। ਹੁਣ ਤੱਕ ਮਾਨਸਾ ਪੁਲਿਸ ਵੱਲੋਂ ਹੁਣ ਤੱਕ ਇਸ ਕਤਲ ਮਾਮਲੇ ਵਿੱਚ 31 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ।