ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ Time Out ਨਾਲ ਆਊਟ ਹੋਇਆ ਬੱਲੇਬਾਜ਼

ਡੈਸਕ- ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਬੱਲੇਬਾਜ਼ ਨੂੰ ਟਾਈਮਆਊਟ ਰਾਹੀਂ ਪੈਵੇਲੀਅਨ ਪਰਤਣਾ ਪਿਆ ਹੋਵੇ। ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 (ICC Cricket World Cup 2023) ਦੇ 38ਵੇਂ ਮੈਚ ਵਿੱਚ, ਸ਼੍ਰੀਲੰਕਾ ਦੇ ਤਜਰਬੇਕਾਰ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੂੰ ਬੰਗਲਾਦੇਸ਼ (SL vs BAN) ਦੇ ਖਿਲਾਫ ਇਸ ਅਨੋਖੇ ਤਰੀਕੇ ਨਾਲ ਆਊਟ ਕੀਤਾ ਗਿਆ। ਅੰਤਰਰਾਸ਼ਟਰੀ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਬੱਲੇਬਾਜ਼ ਟਾਈਮ ਆਊਟ ਹੋ ਕੇ ਪੈਵੇਲੀਅਨ ਪਰਤਿਆ ਹੋਵੇ।

ਇਹ ਘਟਨਾ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਸ਼੍ਰੀਲੰਕਾ ਦੀ ਪਾਰੀ ਦੇ 25ਵੇਂ ਓਵਰ ‘ਚ ਵਾਪਰੀ। ਇਸ ਓਵਰ ਦੀ ਦੂਜੀ ਗੇਂਦ ‘ਤੇ ਸ਼ਾਕਿਬ ਅਲ ਹਸਨ ਨੇ ਸਦਿਰਾ ਸਮਰਾਵਿਕਰਮਾ ਨੂੰ ਮਹਿਮੂਦੁੱਲਾ ਹੱਥੋਂ ਕੈਚ ਕਰਵਾ ਕੇ ਸ਼੍ਰੀਲੰਕਾ ਨੂੰ ਪੰਜਵਾਂ ਝਟਕਾ ਦਿੱਤਾ। ਇਸ ਤੋਂ ਬਾਅਦ ਐਂਜੇਲੋ ਮੈਥਿਊਜ਼ ਕ੍ਰੀਜ਼ ‘ਤੇ ਆਏ। ਮੈਥਿਊਜ਼ 1 ਮਿੰਟ 20 ਸਕਿੰਟ ਦੇ ਅੰਦਰ ਕ੍ਰੀਜ਼ ‘ਤੇ ਪਹੁੰਚ ਕੇ ਸਟੈਂਡ ਲੈਣ ਦੀ ਤਿਆਰੀ ਕਰ ਰਹੇ ਸੀ, ਜਦੋਂ ਉਨ੍ਹਾਂ ਦੇ ਹੈਲਮੇਟ ‘ਚ ਕੁਝ ਸਮੱਸਿਆ ਆ ਗਈ। ਇਸ ਤੋਂ ਬਾਅਦ ਉਨ੍ਹਾਂ ਹੈਲਮੇਟ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸ਼ਾਕਿਬ ਨੇ ਫੀਲਡ ਅੰਪਾਇਰ ਨੂੰ ਟਾਈਮਆਊਟ ਲਈ ਅਪੀਲ ਕੀਤੀ ਅਤੇ ਅੰਪਾਇਰ ਨੇ ਉਨ੍ਹਾਂ ਨੂੰ ਟਾਈਮਆਊਟ ਦੇ ਦਿੱਤਾ। ਮੈਥਿਊਜ਼ ਅਤੇ ਅੰਪਾਇਰ ਵਿਚਾਲੇ ਕਾਫੀ ਦੇਰ ਤਕ ਬਹਿਸ ਹੁੰਦੀ ਰਹੀ ਪਰ ਆਖਿਰਕਾਰ ਮੈਥਿਊਜ਼ ਨੂੰ ਭਾਰੀ ਮਨ ਨਾਲ ਪੈਵੇਲੀਅਨ ਪਰਤਣਾ ਪਿਆ।

ਮੈਰੀਲੇਬੋਨ ਕ੍ਰਿਕਟ ਕਲੱਬ (MCC Rule) ਦੇ ਅਨੁਸਾਰ ਵਿਕਟ ਡਿੱਗਣ ਤੋਂ ਬਾਅਦ ਬੱਲੇਬਾਜ਼ ਦੇ ਰਿਟਾਇਰ ਹੋਣ ਤੋਂ ਬਾਅਦ ਨਵੇਂ ਬੱਲੇਬਾਜ਼ ਨੂੰ 3 ਮਿੰਟ ਦੇ ਅੰਦਰ ਗੇਂਦ ਨੂੰ ਖੇਡਣ ਲਈ ਤਿਆਰ ਹੋਣਾ ਚਾਹੀਦਾ ਹੈ। ਮੈਥਿਊਜ਼ ਸਮੇਂ ‘ਤੇ ਪਹੁੰਚ ਗਏ ਸਨ ਪਰ ਕ੍ਰੀਜ਼ ‘ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਹੈਲਮੇਟ ‘ਚ ਕੁਝ ਸਮੱਸਿਆ ਆ ਗਈ, ਜਿਸ ਕਾਰਨ ਉਹ ਤੈਅ ਸਮੇਂ ‘ਚ ਸਟਾਂਸ ਨਹੀਂ ਲੈ ਸਕੇ। ਮੈਥਿਊਜ਼ ਆਊਟ ਹੋਣ ਤੋਂ ਬਾਅਦ ਕਾਫੀ ਗੁੱਸੇ ‘ਚ ਨਜ਼ਰ ਆਏ। ਮੈਦਾਨ ਛੱਡਣ ਤੋਂ ਬਾਅਦ ਉਨ੍ਹਾਂ ਹੈਲਮੇਟ ਅਤੇ ਬੱਲੇ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ।