Toronto- ਆਰ. ਸੀ. ਐਮ. ਪੀ. ਨੇ ਅੱਜ ਦੱਸਿਆ ਕਿ ਟੋਰਾਂਟੋ ’ਚ ਇੱਕ ਵਿਅਕਤੀ ਨੂੰ ਇਸਲਾਮਿਕ ਸਟੇਟ ਲਈ ਭਰਤੀ ਅਤੇ ਫ਼ੰਡ ਇਕੱਠਾ ਕਰਨ ’ਚ ਕਥਿਤ ਤੌਰ ’ਤੇ ਮਦਦ ਕਰਨ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਗਿਆ ਹੈ। 34 ਸਾਲਾ ਖ਼ਲੀਲਉੱਲ੍ਹਾ ਯੂਸਫ਼ ਵਿਰੁੱਧ ਇਹ ਦੋਸ਼ ਅਮਰੀਕਾ ’ਚ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨੂੰ ਕਥਿਤ ਤੌਰ ’ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਾਏ ਦੋਸ਼ਾਂ ਤੋਂ ਕਈ ਮਹੀਨਿਆਂ ਬਾਅਦ ਲਾਏ ਗਏ ਹਨ। ਆਰ. ਸੀ. ਐਮ. ਪੀ. ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਉਸ ਵਲੋਂ ਮਾਰਚ 2021 ਤੋਂ ਯੂਸਫ਼ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨੇ ਲੋਕਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ’ਤੇ ਇਸਲਾਮਿਕ ਸਟੇਟ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਇਸ ਗਰੁੱਪ ’ਚ ਸ਼ਾਮਿਲ ਹੋਣ ਲਈ ਕਿਹਾ। ਜਾਂਚਕਰਤਾਵਾਂ ਨੇ ਇਹ ਵੀ ਦੋਸ਼ ਲਾਏ ਹਨ ਕਿ ਯੂਸਫ਼ ਨੇ ਅਫ਼ਗਾਨਿਸਤਾਨ ’ਚ ਵਿਦੇਸ਼ੀ ਦੂਤਾਵਾਸਾਂ ਵਿਰੁੱਧ ਅੱਤਵਾਦੀ ਹਮਲੇ ਕਰਨ ਲਈ ਇੱਕ ਵਿਦੇਸ਼ੀ ਇਸਲਾਮਿਕ ਸਟੇਟ ਦੇ ਮੈਂਬਰ ਨਾਲ ਸਾਜਿਸ਼ ਰਚੀ ਅਤੇ ਉਸ ਦੇਸ਼ ’ਚ ਇਸੇ ਤਰ੍ਹਾਂ ਹਮਲਿਆਂ ਲਈ ਪ੍ਰਚਾਰ ਅਤੇ ਜਾਣਕਾਰੀ ਪ੍ਰਦਾਨ ਕਰਾਈ। ਯੂਸਫ਼ ਵਿਰੁੱਧ ਅੱਤਵਾਦੀ ਸਰਗਮੀਆਂ ਨੂੰ ਸੁਵਿਧਾਜਨਕ ਬਣਉਣ, ਅੱਤਵਾਦੀ ਸਮੂਹ ਦੀਆਂ ਸਰਗਰਮੀਆਂ ’ਚ ਭਾਗ ਲੈਣ ਅਤੇ ਅੱਤਵਾਦੀ ਉਦੇਸ਼ਾਂ ਲਈ ਜਾਇਦਾਦ ਅਤੇ ਸੇਵਾਵਾਂ ਪ੍ਰਦਾਨ ਜਾਂ ਉਪਲਬਧ ਕਰਾਉਣ ਦਾ ਇੱਕ-ਇੱਕ ਮਾਮਲਾ ਕੀਤਾ ਗਿਆ ਹੈ। ਆਰ. ਸੀ. ਐਮ. ਪੀ. ਦਾ ਕਹਿਣਾ ਹੈ ਕਿ ਅਦਾਲਤ ’ਚ ਪੇਸ਼ੀ ਤੱਕ ਯੂਸਫ਼ ਹਿਰਾਸਤ ’ਚ ਰਹੇਗਾ।