ਟੋਰਾਂਟੋ ਦੀ ਨਵੀਂ ਟੈਰਿਫ਼ ਨੀਤੀ: 17 ਨਵੇਂ ਪੰਪਰ ਟਰੱਕ ਸਿਰਫ਼ ਕੈਨੇਡੀਆਈ ਕੰਪਨੀ ਤੋਂ ਖਰੀਦੇ ਜਾਣਗੇ

Toronto— ਅਮਰੀਕੀ ਟੈਰਿਫ਼ ਦਾ ਜਵਾਬ ਦੇਣ ਲਈ, ਟੋਰਾਂਟੋ ਸ਼ਹਿਰ ਨੇ ਐਲਾਨ ਕੀਤਾ ਹੈ ਕਿ ਉਹ 17 ਨਵੇਂ ਪੰਪਰ ਫ਼ਾਇਰ ਟਰੱਕ ਸਿਰਫ਼ ਕੈਨੇਡਾ ਦੀ ਕੰਪਨੀ ਤੋਂ ਖਰੀਦੇਗਾ। ਮੇਅਰ ਓਲਿਵੀਆ ਚਾਉ ਨੇ ਸੋਮਵਾਰ ਨੂੰ ਇੱਕ ਸੰਮੇਲਨ ਵਿੱਚ ਕਿਹਾ, “ਸਾਡੀ ਅੱਗ ਬੁਝਾਉਣੀ ਟੀਮ ਲਈ ਇਹ ਬਹੁਤ ਮਹੱਤਵਪੂਰਨ ਹਨ, ਅਤੇ ਹੁਣ ਤੋਂ ਇਹ ਸਿਰਫ਼ ਕੈਨੇਡਾ ‘ਚ ਬਣਨਗੇ।”

ਨਵੇਂ ਨਿਯਮਾਂ ਮੁਤਾਬਕ, $8.8 ਮਿਲੀਅਨ ਤੋਂ ਘੱਟ ਦੇ ਨਿਰਮਾਣ ਪ੍ਰੋਜੈਕਟ ਤੇ $353,000 ਤੱਕ ਦੀ ਸੇਵਾ ਅਤੇ ਸਮਾਨ ਸਿਰਫ਼ ਕੈਨੇਡਾ ਦੀਆਂ ਕੰਪਨੀਆਂ ਹੀ ਉਪਲੱਬਧ ਕਰ ਸਕਣਗੀਆਂ। “ਅਸੀਂ 51ਵਾਂ ਰਾਜ ਨਹੀਂ ਬਣਾਂਗੇ!”, ਚਾਉ ਨੇ ਟਰੰਪ ਦੇ ਟੈਰੀਫ਼ ਵਿਰੁੱਧ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਕਿਹਾ।

ਇਸ ਯੋਜਨਾ ਹੇਠ, ਸ਼ਹਿਰੀ ਕਰਮਚਾਰੀਆਂ ਨੂੰ ਅਮਰੀਕਾ ਜਾਣ ਲਈ ਖਾਸ ਇਜਾਜ਼ਤ ਲੈਣੀ ਪਵੇਗੀ, ਅਤੇ ਉਨ੍ਹਾਂ ਨੂੰ ਉਬੇਰ ਅਤੇ ਲਿਫ਼ਟ ਵਰਗੀਆਂ ਅਮਰੀਕੀ ਸੇਵਾਵਾਂ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ ਗਈ ਹੈ। ਸ਼ਹਿਰ ਨੇ ਉਦਯੋਗਿਕ ਟੈਕਸ ਮੁਅੱਤਲ ਕਰਨ ਦੀ ਯੋਜਨਾ ਵੀ ਲਾਗੂ ਕੀਤੀ ਹੈ, ਜਿਸ ਨਾਲ ਉਦਯੋਗਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ।

ਚਾਉ ਨੇ “Buy Canadian” ਮੁਹਿੰਮ ਦਾ ਐਲਾਨ ਕਰਦਿਆਂ ਕਿਹਾ ਕਿ ਟੋਰਾਂਟੋ ਵਿੱਚ ਇੱਕ ਵਿਸ਼ੇਸ਼ ਸਮਾਗਮ ਰੱਖਿਆ ਜਾਵੇਗਾ, ਜਿੱਥੇ ਲੋਕ ਪੂਰੀ ਹਿੰਮਤ ਨਾਲ ਅਮਰੀਕੀ ਟੈਰਿਫ਼ ਦਾ ਜਵਾਬ ਦੇਣ ਲਈ ਇੱਕਜੁੱਟ ਹੋਣਗੇ। ਅੰਕੜਿਆਂ ਮੁਤਾਬਕ, ਅਗਲੇ 10 ਸਾਲਾਂ ਵਿੱਚ ਅਮਰੀਕੀ ਕੰਪਨੀਆਂ ਨੂੰ ਟੋਰਾਂਟੋ ਦੀ ਇਸ ਨੀਤੀ ਕਾਰਨ 1 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।