ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ ਬਲਾਕ ਪੱਖੋਵਾਲ ਦੇ ਪਿੰਡ ਬੀਹਲਾ ਵਿੱਚ ਪੱਛੜੀਆਂ ਜਾਤੀਆਂ ਅਤੇ ਪੱਛੜੇ ਕਬੀਲਿਆਂ ਦੇ ਲੋਕਾਂ ਨੂੰ ਪੋਸ਼ਕ ਬਗੀਚੀ ਦੀ ਸਿਖਲਾਈ ਦੇਣ ਲਈ ਦੋ ਰੋਜ਼ਾ ਕੈਂਪ ਲਾਇਆ।
ਇਸ ਕੈਂਪ ਵਿਚ 25 ਪੇਂਡੂ ਸੁਆਣੀਆਂ ਸ਼ਾਮਿਲ ਹੋਈਆਂ। ਇਸ ਕੈਂਪ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਤਕਨੀਕੀ ਸਹਿਯੋਗ ਵੀ ਹਾਸਲ ਸੀ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਸਿਖਲਾਈ ਕੋਰਸ ਦੀ ਰੂਪਰੇਖਾ ਬਾਰੇ ਦੱਸਿਆ।
ਉਹਨਾਂ ਕਿਹਾ ਕਿ ਇਸ ਕੋਰਸ ਦਾ ਉਦੇਸ਼ ਪੇਂਡੂ ਲੋਕਾਂ ਨੂੰ ਪੋਸ਼ਕ ਬਗੀਚੀ ਦੇ ਲਾਭ ਤੋਂ ਜਾਣੂੰ ਕਰਵਾ ਕੇ ਉਹਨਾਂ ਵਿਚ ਸਿਹਤ ਸੰਬੰਧੀ ਜਾਗਰੂਕਤਾ ਦਾ ਪਸਾਰ ਕਰਨਾ ਹੈ। ਪਸਾਰ ਮਾਹਿਰ ਡਾ. ਲਖਵਿੰਦਰ ਕੌਰ ਨੇ ਭਾਗ ਲੈਣ ਵਾਲਿਆਂ ਨੂੰ ਪਰਿਵਾਰ ਦੀਆਂ ਲੋੜਾਂ ਮੁਤਾਬਿਕ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਲਈ ਪੋਸ਼ਕ ਬਗੀਚੀ ਮਾਡਲ ਅਪਨਾਉਣ ਦੀ ਸਲਾਹ ਦਿੱਤੀ।
ਡਾ. ਰੂਮਾ ਦੇਵੀ ਨੇ ਰਸੋਈ ਬਗੀਚੀ ਵਿਚ ਪੋਸ਼ਕ ਸਬਜ਼ੀਆਂ ਦੀ ਕਾਸ਼ਤ ਦੇ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ । ਡਾ. ਹਨੂਮਾਨ ਸਿੰਘ ਨੇ ਵੀ ਇਸ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਇਲਾਵਾ ਡਾ. ਗਗਨਦੀਪ ਕੌਰ ਅਤੇ ਡਾ. ਹਰਪ੍ਰੀਤ ਕੌਰ ਨੇ ਵੀ ਭਾਗ ਲੈਣ ਵਾਲਿਆਂ ਨੂੰ ਪੋਸ਼ਕ ਬਗੀਚੀ ਵਿਚ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ। ਕੋਆਪਰੇਟਿਵ ਸੋਸਾਇਟੀ ਬੀਹਲਾ ਦੇ ਸਕੱਤਰ ਸੁਖਮਨ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਗ ਲੈਣ ਵਾਲਿਆਂ ਨੂੰ ਪੀ.ਏ.ਯੂ. ਦਾ ਖੇਤੀ ਸਾਹਿਤ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੰਡੀਆਂ ਗਈਆਂ।
ਡਾ ਖੁਸ਼ਦੀਪ ਧਰਨੀ ਨੂੰ ਬੈਸਟ ਐਬਸਟ੍ਰੈਕਟ ਐਵਾਰਡ
ਪੀ.ਏ.ਯੂ. ਵਿਚ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਦੇ ਪ੍ਰੋਫੈਸਰ ਡਾ ਖੁਸ਼ਦੀਪ ਧਰਨੀ ਨੂੰ “ਬੈਸਟ ਐਬਸਟ੍ਰੈਕਟ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ ਦੀ ਸਾਂਝੀ ਕੰਸ਼ਰੋਸ਼ੀਅਮ ਮੀਟਿੰਗ ਵਿਚ ਦਿੱਤਾ ਗਿਆ।
ਉਹਨਾਂ ਨੇ ਇਸ ਦੌਰਾਨ “ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ’ ਸੰਬੰਧੀ ਆਪਣੀ ਖੋਜ ਦਾ ਐਬਸਟ੍ਰੈਕਟ ਪੇਸ਼ ਕੀਤਾ ਸੀ। ਡਾ ਖੁਸਦੀਪ ਧਰਨੀ ਅਤੇ ਡਾ ਸੋਨਿਕਾ ਸ਼ਰਮਾ ਤੋਂ ਇਲਾਵਾ ਡਾ ਅਰਸ਼ਦੀਪ ਸਿੰਘ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ), ਡਾ ਰਮਿਤ ਮਹਾਜਨ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ), ਡਾ ਵੰਦਨਾ ਮਿੱਢਾ (ਅੰਦਰੂਨੀ ਦਵਾਈ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਅਤੇ ਡਾ ਅਜੀਤ ਸੂਦ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਦੁਆਰਾ ਸਾਂਝੇ ਤੌਰ ‘ਤੇ ਐਬਸਟ੍ਰੈਕਟ ਲਿਖੀ ਗਈ ਸੀ।
ਕਾਨਫਰੰਸ ਨਵੰਬਰ ਵਿਚ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਆਯੋਜਿਤ ਹੋਈ। ਡਾ ਖੁਸ਼ਦੀਪ ਧਰਨੀ ਨੇ ਕਾਨਫਰੰਸ ਵਿਚ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਰਾਹੀਂ ਪੇਪਰ ਪੇਸ਼ ਕੀਤਾ। ਇਸ ਪੇਪਰ ਵਿਚ ਇਸ ਬਿਮਾਰੀ ਦੇ ਪ੍ਰਚਲਨ ਅਤੇ ਵਿਕਾਸ ਦੇ ਰੁਝਾਨਾਂ ਨੂੰ ਸਾਹਮਣੇ ਲਿਆਂਦਾ।
ਸੋਜਸ਼ ਵਾਲੀ ਆਂਤੜੀ ਦੀ ਬਿਮਾਰੀ (ਆਈ ਬੀ ਡੀ) ਨੂੰ ਰਵਾਇਤੀ ਤੌਰ ’ਤੇ ਵਿਕਸਿਤ ਦੇਸ਼ਾਂ ਦੀ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ। ਅਧਿਐਨ ਦੇ ਨਤੀਜਿਆਂ ਨੇ ਸਿੱਟਾ ਕੱਢਿਆ ਕਿ ਇਹ ਬਿਮਾਰੀ ਬਾਕੀ ਦੁਨੀਆਂ ਲਈ ਵੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਡਾ ਸ਼ੰਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਅਤੇ ਡਾ ਸੰਦੀਪ ਬੈਂਸ ਕਾਲਜ ਆਫ ਕਮਿਊਨਿਟੀ ਸਾਇੰਸ ਨੇ ਡਾ. ਧਰਨੀ ਅਤੇ ਪੂਰੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।
ਟੀਵੀ ਪੰਜਾਬ ਬਿਊਰੋ