Ottawa – ਨਾਜ਼ੀ ਯੂਨਿਟ ’ਚ ਤਾਇਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਕੈਨੇਡਾ ਦੀ ਸੰਸਦ ’ਚ ਰੱਖੇ ਗਏ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਸਮਾਗਮ ’ਚ ਬੁਲਾਉਣ ਅਤੇ ਸਨਮਾਨਿਤ ਕਰਨ ‘ਤੇ ਛਿੜੇ ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਆਫ਼ੀ ਮੰਗੀ ਹੈ।
ਟਰੂਡੋ ਨੇ ਕਿਹਾ ਕਿ ਇਹ ਗ਼ਲਤੀ ਸੀ, ਜਿਸ ਨੇ ਕੈਨੇਡਾ ਅਤੇ ਸੰਸਦ ਨੂੰ ਸ਼ਰਮਿੰਦਾ ਕੀਤਾ ਹੈ। ਅਸੀਂ ਸਾਰੇ ਜੋ ਸ਼ੁੱਕਰਵਾਰ ਨੂੰ ਇਸ ਸਦਨ ’ਚ ਸੀ, ਉਨ੍ਹਾਂ ਸਾਰਿਆਂ ਨੂੰ ਡੂੰਘਾ ਅਫਸੋਸ ਹੈ ਕਿ ਅਸੀਂ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ, ਭਾਵੇਂ ਅਸੀਂ ਸੰਦਰਭ ਤੋਂ ਜਾਣੂ ਨਹੀਂ ਸਾਂ। ਟਰੂਡੋ ਨੇ ਕਿਹਾ ਕਿ ਇਹ ਘਟਨਾ ਯਹੂਦੀ ਘੱਲੂਘਾਰੇ ’ਚ ਮਾਰੇ ਗਏ ਲੱਖਾਂ ਲੋਕਾਂ ਦੀ ਯਾਦ ਦੀ ਇੱਕ ਭਿਆਨਕ ਉਲੰਘਣਾ ਸੀ ਅਤੇ ਯੈਰਸਲੈਵ ਹੁੰਕਾ ਨੂੰ ਸਨਮਾਨਿਤ ਕਰਨਾ ਯਹੂਦੀ, ਪੋਲਜ਼, ਰੋਮਾ, ਸਮਲਿੰਗੀ ਅਤੇ ਹੋਰ ਨਸਲੀ ਭਾਈਚਾਰਿਆਂ ਲਈ ਬੇਹੱਦ ਦਰਦਨਾਕ ਸੀ ਜਿਨ੍ਹਾਂ ਨੂੰ ਨਾਜ਼ੀ ਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।
ਟਰੂਡੋ ਨੇ ਇਹ ਵੀ ਦੁਹਰਾਇਆ ਕਿ ਕੈਨੇਡਾ ਜ਼ੈਲੈਂਸਕੀ ਤੋਂ ਵੀ ਬਹੁਤ ਮੁਆਫ਼ੀ ਚਾਹੁੰਦਾ ਹੈ, ਜਿਸਨੂੰ ਹੁੰਕਾ ਦੀ ਤਾਰੀਫ਼ ਕਰਦੇ ਹੋਏ ਦਿਖਾਇਆ ਗਿਆ ਸੀ, ਜਿਸ ਦੀ ਕਿ ਰੂਸੀ ਪ੍ਰਚਾਰਕਾਂ ਵਲੋਂ ਦੁਰਵਰਤੋਂ ਕੀਤੀ ਗਈ ਸੀ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਕੂਟਨੀਤਿਕ ਤਰੀਕੇ ਰਾਹੀਂ ਜ਼ੈਲੈਂਸਕੀ ਅਤੇ ਯੂਕਰੇਨੀ ਵਫ਼ਦ ਕੋਲੋਂ ਮੁਆਫ਼ੀ ਮੰਗੀ
ਦੱਸਣਯੋਗ ਹੈ ਕਿ ਟਰੂਡੋ ਦੀ ਮੁਆਫ਼ੀ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਚ ਉਨ੍ਹਾਂ ਕਿਹਾ ਕਿ ਜ਼ੇਲੈਂਸਕੀ ਦੇ ਸੰਸਦ ਵਿੱਚ ਇਤਿਹਾਸਕ ਸੰਬੋਧਨ ਲਈ ਇੱਕ ਯੂਕਰੇਨੀ ਨਾਜ਼ੀ ਸਾਬਕਾ ਫ਼ੌਜੀ ਨੂੰ ਸੱਦਾ ਦੇਣਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੂਟਨੀਤਕ ਨਮੋਸ਼ੀ ਹੈ। ਅਸਤੀਫ਼ਾ ਦੇ ਚੁੱਕੇ ਸਪੀਕਰ ਐਂਥਨੀ ਰੋਟਾ ਦੇ ਇਹ ਦਾਅਵਾ ਕਰਨ ਦੇ ਬਾਵਜੂਦ ਕਿ ਹੁੰਕਾ ਨੂੰ ਸਦਨ ਵਿਚ ਬੁਲਾਉਣ ਲਈ ਉਹ ਇਕੱਲੇ ਜ਼ਿੰਮੇਵਾਰ ਸਨ, ਪੌਲੀਐਵ ਇਸ ਘਟਨਾ ਦਾ ਇਲਜ਼ਾਮ ਟਰੂਡੋ ਦੇ ਮੱਥੇ ਮੜ੍ਹ ਰਹੇ ਹਨ।
ਪਾਰਲੀਮੈਂਟ ਹਿੱਲ ’ਤੇ ਕੰਜ਼ਰਵੇਟਿਵ ਕੌਕਸ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਪੌਲੀਐਵ ਨੇ ਕਿਹਾ ਕਿ ਜ਼ੈਲੈਂਸਕੀ ਦੀ ਕੈਨੇਡਾ ਫੇਰੀ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਟਰੂਡੋ ਦੀ ਸੀ ਅਤੇ ਹੁੰਕਾ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਨਾਲ ਵਿਸ਼ਵ ਪੱਧਰ ’ਤੇ ਕੈਨੇਡਾ ਦੀ ਸਾਖ ਨੂੰ ਠੇਸ ਪਹੁੰਚੀ ਹੈ।
ਇਸ ਵਿਵਾਦ ਦੇ ਚੱਲਦਿਆਂ ਮੰਗਲਵਾਰ ਨੂੂੰ ਐਂਥਨੀ ਰੋਟਾ ਨੇ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਭਾਵੇਂ ਇਸ ਮਾਮਲੇ ਵਿਚ ਐਂਥਨੀ ਰੋਟਾ ਨੇ ਮੁਆਫ਼ੀ ਮੰਗ ਲਈ ਸੀ, ਪਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਵਿਰੋਧੀ ਧਿਰ ਨੇ ਸਪੀਕਰ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਪਰ ਮੰਗਲਵਾਰ ਤੋਂ ਇਹ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋ ਗਏ ਸਨ। ਇਸ ਮਗਰੋਂ ਅਖ਼ੀਰ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।