Ottawa- ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਜਰਮਨੀ ’ਚ ਕੈਨੇਡਾ ਦੇ ਅਗਲੇ ਰਾਜਦੂਤ ਹੋਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਹੌਰਗਨ 2014 ਤੋਂ 2022 ਤੱਕ ਬੀ. ਸੀ. ਐੱਨ. ਡੀ. ਪੀ. ਦੇ ਲੀਡਰ ਅਤੇ 2017 ਤੋਂ 2022 ਤੱਕ ਬੀ. ਸੀ. ਦੇ ਪ੍ਰੀਮੀਅਰ ਰਹੇ ਹਨ। ਹੌਰਗਨ ਨੂੰ ਸਾਲ 2005 ’ਚ ਪਹਿਲੀ ਵਾਰੀ ਸੂਬਾਈ ਅਸੈਂਬਲੀ ’ਚ ਚੁਣਿਆ ਗਿਆ ਸੀ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ’ਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਸੀ।
ਮਾਰਚ ਮਹੀਨੇ ਸੂਬਾਈ ਸਿਆਸਤ ਤੋਂ ਵੱਖ ਹੁੰਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਭਵਿੱਖ ਦੀ ਕੋਈ ਪੱਕੀ ਯੋਜਨਾ ਨਹੀਂ ਹੈ ਅਤੇ ਉਹ ਭਵਿੱਖ ‘ਚ ਆਉਣ ਵਾਲੇ ਮੌਕਿਆਂ ਲਈ ਤਿਆਰ ਹੋਣਗੇ। ਅਪ੍ਰੈਲ ’ਚ ਹੌਰਗਨ ਨੇ ਬੀ. ਸੀ. ਦੀ ਸਥਿਤ ਕੋਲਾ ਉਤਪਾਦਨ ਕੰਪਨੀ ਐਲਕ ਵੈਲੀ ਰਿਸੋਰਸੇਜ਼ ਦੇ ਬੋਰਡ ’ਚ ਸ਼ਾਮਿਲ ਹੋਏ ਸਨ।
ਹੈਲਥ ਕੇਅਰ ਫੰਡਿੰਗ ਦੇ ਵਿਸ਼ੇ ’ਤੇ ਫ਼ੈਡਰਲ ਅਤੇ ਸੂਬਾ ਸਰਕਾਰਾਂ ਵਿਚਕਾਰ ਅਸਹਿਮਤੀ ਦੇ ਮੁੱਦੇ ‘ਤੇ ਹੌਰਗਨ ਨੇ ਜਨਤਕ ਤੌਰ ‘ਤੇ ਖ਼ੁਦ ਨੂੰ ਪ੍ਰਧਾਨ ਮੰਤਰੀ ਲਈ ਬ੍ਰਿਜ ਬਿਲਡਰ ਵਜੋਂ ਕੰਮ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਆਖਿਆ ਸੀ ਪ੍ਰਧਾਨ ਮੰਤਰੀ ਨੂੰ ਮੇਰਾ ਸੰਦੇਸ਼ ਸੀ, ਮੈਂ ਧਰਤੀ ਤੋਂ ਅਲੋਪ ਨਹੀਂ ਹੋਇਆਂ, ਜੇ ਮੈਂ ਪ੍ਰੀਮੀਅਰਾਂ ਲਈ ਕੋਈ ਕੰਮ ਆ ਸਕਦਾ ਹਾਂ, ਜੇ ਮੈਂ ਫ਼ੈਡਰਲ ਸਰਕਾਰ ਲਈ ਮਹੱਤਵਪੂਰਣ ਹੋ ਸਕਦਾ ਹਾਂ, ਤਾਂ ਮੈਂ ਇਹ ਕਰਨਾ ਚਾਹਾਂਗਾ।
ਬੁੱਧਵਾਰ ਨੂੰ ਐਲਾਨ ’ਚ ਟਰੂਡੋ ਨੇ ਹੌਰਗਨ ਨੂੰ ਨਿਸ਼ਠਾਵਾਨ ਲੋਕ ਸੇਵਕ ਅਤੇ ਇੱਕ ਤਜਰਬੇਕਾਰ ਨੇਤਾ ਆਖਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹੌਰਗਨ ਵਿਦੇਸ਼ ਵਿੱਚ ਕੈਨੇਡੀਅਨ ਹਿੱਤਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਣਗੇ।
ਬੀ. ਸੀ. ਦੇ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਹੋਣਗੇ ਜਰਮਨੀ ’ਚ ਕੈਨੇਡਾ ਦੇ ਅਗਲੇ ਰਾਜਦੂਤ
