ਲੰਡਨ ’ਚ ਆਪਣੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਟਰੂਡੋ

Ottawa- ਕੈਨੇਡੀਅਨਾਂ ’ਚ ਆਪਣੀ ਪਾਰਟੀ ਦੀ ਘੱਟ ਰਹੀ ਪ੍ਰਸਿੱਧੀ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬੁੱਧਵਾਰ ਨੂੰ ਦੁਪਹਿਰ ਆਪਣੀ ਪਾਰਟੀ ਦੇ ਵਧੇਰੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਦੀ ਸੰਭਾਵਨਾ ਹੈ, ਕਿਉਂਕਿ ਪਾਰਟੀ ਦੀ ਪ੍ਰਸਿੱਧੀ ’ਚ ਗਿਰਾਵਟ ਦਾ ਅਸਰ ਆਗਾਮੀ ਚੋਣਾਂ ’ਚ ਪੈਣ ਦੀ ਸੰਭਾਵਨਾ ਹੈ।
ਜਹਾਜ਼ ’ਚ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਦੋ ਦਿਨਾਂ ਦੀ ਦੇਰੀ ਦੇ ਮਗਰੋਂ ਟਰੂਡੋ ਮੰਗਲਵਾਰ ਰਾਤ ਓਟਾਵਾ ਪਹੁੰਚੇ ਸਨ। 158 ਲਿਬਰਲ ਸੰਸਦ ਮੈਂਬਰਾਂ ’ਚੋਂਂ ਬਹੁਤੇ ਬੁੱਧਵਾਰ ਦੁਪਹਿਰ ਨੂੰ ਓਨਟਾਰੀਓ ਦੇ ਲੰਡਨ ’ਚ ਇੱਕ ਰਾਸ਼ਟਰੀ ਕਾਕਸ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ, ਤਾਂ ਜੋ ਸੰਸਦ ਦੇ ਆਗਾਮੀ ਇਜਲਾਸ ਦੀ ਰਣਨੀਤੀ ਉਲੀਕੀ ਜਾ ਸਕੇ। ਆਦਿਵਾਸੀ, ਪੇਂਡੂ ਅਤੇ ਔਰਤਾਂ ਦੇ ਮੁੱਦਿਆਂ ਨੂੰ ਲੈ ਕੇ ਸੰਸਦ ਮੈਂਬਰ ਮੰਗਲਵਾਰ ਨੂੰ ਛੋਟੇ ਸਮੂਹਾਂ ’ਚ ਇਕੱਠੇ ਹੋਏ ਅਤੇ ਉਹ ਬੁੱਧਵਾਰ ਸਵੇਰੇ ਖੇਤਰੀ ਸਮੂਹਾਂ ’ਚ ਮਿਲਣਗੇ।
ਕਾਕਸ ਰਿਟਰੀਟ ਅਜਿਹੇ ਸਮੇਂ ’ਚ ਹੋਣ ਜਾ ਰਹੀ ਹੈ, ਜਿਸ ’ਚ ਹਾਊਸਿੰਗ ਅਤੇ ਰਹਿਣ-ਸਹਿਣ ਦੀ ਲਾਗਤ ਵਰਗੇ ਮੁੱਦਿਆਂ ਨੂੰ ਲੈ ਕੇ ਚੋਣਾਂ ’ਚ ਕੰਜ਼ਰਵੇਟਿਵਾਂ ਪਾਰਟੀ ਦੀ ਕੈਨੇਡੀਅਨਾਂ ’ਚ ਚੜ੍ਹਤ ਦੇਖੀ ਗਈ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ’ਚ ਬੈਕਬੈਂਚ ਸੰਸਦ ਮੈਂਬਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਰਟੀ ਆਪਣੀਆਂ ਪ੍ਰਾਪਤੀਆਂ ਬਾਰੇ ਚੰਗੀ ਤਰ੍ਹਾਂ ਸੰਚਾਰ ਨਹੀਂ ਕਰ ਰਹੀ ਹੈ ਅਤੇ ਟਰੂਡੋ ਉਨ੍ਹਾਂ ਸੰਸਦ ਮੈਂਬਰਾਂ ਦੀਆਂ ਚਿੰਤਾਵਾਂ ਨਹੀਂ ਸੁਣ ਰਹੇ ਹਨ ਜੋ ਕੈਬਨਿਟ ’ਚ ਨਹੀਂ ਹਨ।